- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੀ ਮਾਰ 'ਚ ਪੰਜਾਬ ਦੀ ਜਵਾਨੀ : ਅਮਨ-ਕਾਨੂੰਨ 'ਤੇ ਖੜ੍ਹੇ ਹੋਏ ਸਵਾਲ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਅੱਜ ਪੰਜਾਬ ਅੰਦਰ ਵਧਦਾ ਨਸ਼ਿਆਂ ਦਾ ਰੁਝਾਨ ਤੇ ਦਿਨ-ਬ-ਦਿਨ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਲੋਕਾਂ ਲਈ ਵੱਡੀ ਚਿੰਤਾ ਦਾ ਦਾਅਵਾ ਬਣੀ ਹੋਈ ਹੈ। ਸੂਬੇ ਦੇ ਗੱਭਰੂਆਂ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਉਣ ਤੇ ਆਮ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਠੋਸ ਕਦਮ ਚੁੱਕੇ ਜਾਣੇ ਬੇਹੱਦ ਲਾਜ਼ਮੀ ਹਨ। ਨਸ਼ਾ ਵੇਚਣ ਵਾਲੇ ਤਸਕਰਾਂ ਤੇ ਮਾੜੇ ਅੰਸਰਾਂ ਵਿਰੁੱਧ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਵੇ ਤੇ ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਪੜ੍ਹਾਈ-ਲਿਖਾਈ, ਰੁਜ਼ਗਾਰ ਤੇ ਖੇਡਾਂ ਦੇ ਵਧੀਆ ਮੌਕੇ ਦਿੱਤੇ ਜਾਣ ਤਾਂ ਜੋ ਉਹ ਆਪਣੀ ਊਰਜਾ ਨੂੰ ਚੰਗੇ ਕੰਮਾਂ ਲੇਖੇ ਲਾ ਸਕਣ। ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ’ਚ ਫਸ ਚੁੱਕੇ ਹਨ, ਉਨ੍ਹਾਂ ਨੂੰ ਨਫ਼ਰਤ ਕਰਨ ਦੀ ਬਜਾਏ ਇਲਾਜ ਤੇ ਮੁੜ ਵਸੇਬੇ ਦੀਆਂ ਸਹੂਲਤਾਂ ਦੇ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ। ਇਸ ਮੁਹਿੰਮ 'ਚ ਮਾਪਿਆਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੀ ਡਟ ਕੇ ਸਾਥ ਦੇਣਾ ਪਵੇਗਾ।
--ਨਸ਼ਿਆਂ ਨੇ ਧੁੰਦਲਾ ਕੀਤਾ ਪੰਜਾਬ ਦੀ ਜਵਾਨੀ ਦਾ ਭਵਿੱਖ : ਸੋਨੀ ਜਾਗਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨ ਸਾਡੇ ਸੂਬੇ ਤੇ ਦੇਸ਼ ਦਾ ਸਰਮਾਇਆ ਹਨ, ਪਰ ਨਸ਼ਿਆਂ ਦੀ ਬੁਰੀ ਲਤ ਕਾਰਨ ਉਨ੍ਹਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਨਸ਼ਾ ਨਾ ਸਿਰਫ਼ ਗੱਭਰੂਆਂ ਦੀ ਸਿਹਤ ਗਾਲ਼ ਰਿਹਾ ਹੈ, ਸਗੋਂ ਹੱਸਦੇ-ਵਸਦੇ ਪਰਿਵਾਰਾਂ ਨੂੰ ਵੀ ਤਬਾਹ ਕਰ ਰਿਹਾ ਹੈ। ਕਈ ਮਾਪੇ ਆਪਣੇ ਧੀ-ਪੁੱਤਾਂ ਨੂੰ ਇਸ ਦਲਦਲ ’ਚੋਂ ਕੱਢਣ ਲਈ ਰਾਤ-ਦਿਨ ਸੰਘਰਸ਼ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਸਪਲਾਈ ਦੀਆਂ ਜੜ੍ਹਾਂ ਵੱਢੀਆਂ ਜਾਣ ਅਤੇ ਪਿੰਡਾਂ-ਸ਼ਹਿਰਾਂ ਦੇ ਸਕੂਲਾਂ-ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ।
--ਅਮਨ-ਕਾਨੂੰਨ ਦੀ ਸਥਿਤੀ ’ਤੇ ਉੱਠ ਰਹੇ ਵੱਡੇ ਸਵਾਲ : ਐਡਵੋਕੇਟ ਗਿੰਦੀ
ਸ਼੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਸੀਨੀਅਰ ਆਗੂ ਤੇ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਲੋਕਾਂ ਅੰਦਰ ਦਿਨ-ਦਿਹਾੜੇ ਹੁੰਦੀਆਂ ਚੋਰੀਆਂ, ਲੁੱਟਾਂ-ਖੋਹਾਂ ਅਤੇ ਗੈਂਗਸਟਰਵਾਦ ਦੇ ਵਧਦੇ ਖ਼ੌਫ਼ ਨੂੰ ਲੈ ਕੇ ਭਾਰੀ ਡਰ ਦਾ ਮਾਹੌਲ ਹੈ। ਆਮ ਨਾਗਰਿਕ ਚਾਹੁੰਦਾ ਹੈ ਕਿ ਉਹ ਆਪਣੇ ਘਰਾਂ, ਦੁਕਾਨਾਂ ਤੇ ਕਾਰੋਬਾਰਾਂ ਵਿੱਚ ਬਿਨਾਂ ਕਿਸੇ ਡਰ ਤੋਂ ਸੁਰੱਖਿਅਤ ਮਹਿਸੂਸ ਕਰੇ। ਇਸ ਲਈ ਪੁਲਿਸ ਦੀ ਗਸ਼ਤ ਵਧਾਉਣੀ, ਸ਼ਿਕਾਇਤਾਂ ’ਤੇ ਤੁਰੰਤ ਸੁਣਵਾਈ ਕਰਨੀ ਅਤੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣੀਆਂ ਬੇਹੱਦ ਜ਼ਰੂਰੀ ਹਨ। ਘਟਨਾ ਵਾਪਰਨ ਤੋਂ ਬਾਅਦ ਜਾਂਚ ਕਰਨ ਨਾਲੋਂ ਅਪਰਾਧਾਂ ਨੂੰ ਪਹਿਲਾਂ ਹੀ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਚੌਕਸ ਹੋਣਾ ਪਵੇਗਾ।
--ਨਸ਼ੇ ਤੇ ਬੇਰੁਜ਼ਗਾਰੀ ਦਾ ਪੱਕਾ ਹੱਲ ਲੱਭਣਾ ਜ਼ਰੂਰੀ : ਦੁੱਗਲ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਸਮਾਜਿਕ ਚਿੰਤਕਾਂ ਅਨੁਸਾਰ ਨਸ਼ਿਆਂ ਦੇ ਵਧਣ ਪਿੱਛੇ ਬੇਰੁਜ਼ਗਾਰੀ, ਭਵਿੱਖ ਦੀ ਚਿੰਤਾ ਅਤੇ ਮਾੜੀ ਸੰਗਤ ਵੀ ਵੱਡੇ ਕਾਰਨ ਹਨ। ਸਿਰਫ਼ ਕਾਨੂੰਨੀ ਕਾਰਵਾਈ ਨਾਲ ਗੱਲ ਨਹੀਂ ਬਣਨੀ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨੇ ਪੈਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਨਵੇਂ ਉਦਯੋਗ ਲਾਏ ਜਾਣ, ਕਿੱਤਾਮੁਖੀ ਸਿਖਲਾਈ ਕੇਂਦਰ ਖੋਲ੍ਹੇ ਜਾਣ ਅਤੇ ਪਿੰਡਾਂ-ਸ਼ਹਿਰਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇ। ਨਾਲ ਹੀ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਵਿੱਚ ਵੀ ਸੁਧਾਰ ਕੀਤਾ ਜਾਣਾ ਚਾਹੀਦਾ ਹੈ।
--ਸਾਰਿਆਂ ਦੇ ਸਾਂਝੇ ਹੰਭਲੇ ਨਾਲ ਹੀ ਬਦਲਣਗੇ ਹਾਲਾਤ : ਗੱਖੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਗੱਖੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਸੁਰੱਖਿਅਤ ਬਣਾਉਣ ਲਈ ਸਰਕਾਰ, ਪੁਲਿਸ ਤੇ ਸਮਾਜ ਨੂੰ ਇੱਕਮੁੱਠ ਹੋ ਕੇ ਹੰਭਲਾ ਮਾਰਨਾ ਪਵੇਗਾ। ਮਹਿਜ਼ ਬਿਆਨਬਾਜ਼ੀਆਂ ਨਾਲ ਸੁਧਾਰ ਨਹੀਂ ਹੋਣਾ, ਜ਼ਮੀਨੀ ਪੱਧਰ 'ਤੇ ਕੰਮ ਕਰਨਾ ਪਵੇਗਾ। ਪਿੰਡਾਂ ਦੀਆਂ ਪੰਚਾਇਤਾਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਯੂਥ ਕਲੱਬਾਂ ਨੂੰ ਅੱਗੇ ਆ ਕੇ ਨਸ਼ਿਆਂ ਵਿਰੁੱਧ ਲਾਮਬੰਦੀ ਕਰਨੀ ਚਾਹੀਦੀ ਹੈ। ਪੁਲਿਸ ਨੂੰ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਸਾਰੀਆਂ ਧਿਰਾਂ ਮਿਲ ਕੇ ਯਤਨ ਕਰਨ ਤਾਂ ਪੰਜਾਬ ਨੂੰ ਮੁੜ ਰੰਗਲਾ ਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ।