- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਨਾਲ ਹੀ ਮੁੜ ਰੰਗਲਾ ਬਣੂ ਪੰਜਾਬ, ਜਵਾਨੀ ਨੂੰ ਨਸ਼ਿਆਂ 'ਚੋਂ ਕੱਢਣ ਲਈ ਸਰਕਾਰ ਤਤਪਰ : ਮੇਅਰ ਹਸਨਪ੍ਰੀਤ ਭਾਰਦਵਾਜ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਅੰਦਰ ਖੇਡਾਂ ਦਾ ਮਾਹੌਲ ਮੁੜ ਸਿਰਜਣ ਅਤੇ ਗੱਭਰੂਆਂ ਨੂੰ ਮੈਦਾਨਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹੰਭਲਿਆਂ ਨਾਲ ਜਿੱਥੇ ਸਾਡੀ ਜਵਾਨੀ ਨਸ਼ਿਆਂ ਦੇ ਦਲਦਲ ’ਚੋਂ ਬਾਹਰ ਨਿਕਲੇਗੀ, ਉੱਥੇ ਹੀ ਨਰੋਏ ਸਮਾਜ ਦੀ ਸਿਰਜਣਾ ਦਾ ਹੋਕਾ ਵੀ ਬੁਲੰਦ ਹੋਵੇਗਾ। ਇਹ ਪ੍ਰਗਟਾਵਾ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕੀਤਾ। ਉਹਨਾਂ ਆਖਿਆ ਕਿ ਖੇਡਾਂ ਸਿਰਫ਼ ਸਰੀਰ ਨੂੰ ਤਗੜਾ ਰੱਖਣ ਦਾ ਜ਼ਰੀਆ ਹੀ ਨਹੀਂ, ਸਗੋਂ ਇਹ ਨੌਜਵਾਨਾਂ 'ਚ ਅਨੁਸ਼ਾਸਨ, ਮਿਹਨਤ, ਭਾਈਚਾਰਕ ਸਾਂਝ ਅਤੇ ਅਗਵਾਈ ਕਰਨ ਵਰਗੇ ਅਸਲ ਗੁਣ ਭਰਦੀਆਂ ਹਨ। ਮੇਅਰ ਭਾਰਦਵਾਜ ਨੇ ਜ਼ੋਰ ਦੇ ਕੇ ਆਖਿਆ ਕਿ ਪਿੰਡਾਂ 'ਚ ਖੇਡ ਮੈਦਾਨ ਅਤੇ ਸਟੇਡੀਅਮ ਬਣਨ ਨਾਲ ਪੇਂਡੂ ਖਿਡਾਰੀਆਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਅਭਿਆਸ ਕਰਨ ਦਾ ਵਧੀਆ ਮਾਹੌਲ ਮਿਲ ਸਕੇਗਾ। ਪਹਿਲਾਂ ਸਾਡੇ ਮੁੰਡਿਆਂ-ਕੁੜੀਆਂ ਨੂੰ ਤਿਆਰੀ ਕਰਨ ਲਈ ਦੂਰ-ਦੁਰਾਡੇ ਸ਼ਹਿਰਾਂ ਵਲ ਧੱਕੇ ਖਾਣੇ ਪੈਂਦੇ ਸਨ, ਪਰ ਹੁਣ ਪਿੰਡ ਪੱਧਰ 'ਤੇ ਸਹੂਲਤਾਂ ਮਿਲਣ ਨਾਲ ਉਹਨਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਖੇਡਾਂ ਵੱਲ ਮੋੜ ਕੇ ਉਨ੍ਹਾਂ ਦੀ ਊਰਜਾ ਨੂੰ ਚੰਗੇ ਲੇਖੇ ਲਾਉਣਾ ਹੈ। ਉਨ੍ਹਾਂ ਅੱਗੇ ਬੋਲਦਿਆਂ ਆਖਿਆ ਕਿ ਪੰਜਾਬ ਦੇ ਜਵਾਨਾਂ ’ਚ ਕਬੱਡੀ, ਫੁੱਟਬਾਲ, ਹਾਕੀ, ਐਥਲੈਟਿਕਸ ਤੇ ਹੋਰ ਖੇਡਾਂ ਲਈ ਅਥਾਹ ਚਾਅ ਹੈ। ਜੇਕਰ ਸਾਡੇ ਖਿਡਾਰੀਆਂ ਨੂੰ ਚੰਗੇ ਕੋਚ, ਖੇਡਾਂ ਦਾ ਸਾਮਾਨ, ਨਿੱਤ ਦੀ ਪ੍ਰੈਕਟਿਸ ਅਤੇ ਮੁਕਾਬਲਿਆਂ ’ਚ ਨਿੱਤਰਨ ਦੇ ਮੌਕੇ ਮਿਲਣ ਤਾਂ ਉਹ ਸੂਬੇ ਤੇ ਦੇਸ਼ ਦਾ ਨਾਂ ਦੁਨੀਆ ’ਚ ਰੌਸ਼ਨ ਕਰ ਸਕਦੇ ਹਨ। ਇਸ ਦੇ ਨਾਲ ਹੀ ਬਣਾਈਆਂ ਗਈਆਂ ਖੇਡ ਸਹੂਲਤਾਂ ਦੀ ਦੇਖ-ਭਾਲ ਕਰਨੀ ਤੇ ਉਨ੍ਹਾਂ ਦੀ ਪੂਰੀ ਵਰਤੋਂ ਯਕੀਨੀ ਬਣਾਉਣੀ ਵੀ ਬਹੁਤ ਜ਼ਰੂਰੀ ਹੈ। ਅਖੀਰ ’ਚ ਉਨ੍ਹਾਂ ਆਖਿਆ ਕਿ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਅਤੇ ਇੱਕ ਤੰਦਰੁਸਤ ਸਮਾਜ ਘੜਨ ਲਈ ਖੇਡਾਂ ਦਾ ਰੋਲ ਸਭ ਤੋਂ ਅਹਿਮ ਹੈ। ਉਹਨਾਂ ਆਸ ਜਤਾਈ ਕਿ ਇਹਨਾਂ ਸਹੂਲਤਾਂ ਦੇ ਵਿਕਾਸ ਨਾਲ ਪੰਜਾਬ ਦਾ ਖੇਡ ਸੱਭਿਆਚਾਰ ਹੋਰ ਤਕੜਾ ਹੋਵੇਗਾ ਅਤੇ ਪਿੰਡਾਂ ’ਚ ਛਿਪੀਆਂ ਖੇਡ ਪ੍ਰਤਿਭਾਵਾਂ ਨੂੰ ਅੱਗੇ ਆਉਣ ਦੇ ਪੂਰੇ ਮੌਕੇ ਮਿਲਣਗੇ।