- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਵਿੱਚ ਸਮਾਂ ਸਮਾਪਤ ਹੋਣ ਕਰਕੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਵਿੱਚ ਸਮਾਂ ਸਮਾਪਤ ਹੋਣ ਕਰਕੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ।
ਉਨ੍ਹਾਂ ਨੇ ਸਰਕਾਰ ਦੀ 'ਸਿੱਖਿਆ ਕ੍ਰਾਂਤੀ' 'ਤੇ ਤਨਜ਼ ਕੱਸਦਿਆਂ ਧਨੌਲਾ ਦੇ ਸਰਕਾਰੀ ਕੁੜੀਆਂ ਵਾਲੇ ਸਕੂਲ ਦਾ ਅਹਿਮ ਮੁੱਦਾ ਚੁੱਕਣਾ ਸੀ, ਜਿਸ ਦਾ ਨੀਂਹ ਪੱਥਰ 1936 ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਇਹ ਸਕੂਲ 500 ਦੇ ਕਰੀਬ ਬੱਚੀਆਂ ਲਈ ਬਹੁਤ ਛੋਟਾ ਪੈ ਰਿਹਾ ਹੈ। ਸਕੂਲ ਵਿੱਚ ਮਾਰਨਿੰਗ ਅਸੈਂਬਲੀ, ਯੋਗਾ, ਖੇਡ ਮੈਦਾਨ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਾਈਕਲ ਸਟੈਂਡ ਤੱਕ ਲਈ ਵੀ ਜਗ੍ਹਾ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਬੱਚੀਆਂ ਦੇ ਸਰੀਰਕ, ਮਾਨਸਿਕ ਵਿਕਾਸ ਅਤੇ ਖੇਡਾਂ ਵਿੱਚ ਅੱਗੇ ਵਧਣ ਲਈ ਇਸ ਸਕੂਲ ਨੂੰ ਕਿਸੇ ਖੁੱਲ੍ਹੀ ਅਤੇ ਆਧੁਨਿਕ ਥਾਂ 'ਤੇ ਸ਼ਿਫ਼ਟ ਕੀਤਾ ਜਾਵੇ, ਜਿੱਥੇ ਵੱਡਾ ਪਲੇਅ-ਗ੍ਰਾਊਂਡ, ਹਵਾਦਾਰ ਕਮਰੇ ਅਤੇ ਹੋਰ ਸਹੂਲਤਾਂ ਮੌਜੂਦ ਹੋਣ।
--ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਪ੍ਰਚਾਰ ਤੱਕ
ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਸਿਰਫ ਪ੍ਰਚਾਰ ਤੱਕ ਹੀ ਸੀਮਤ ਹੈ। ਜਦ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਢਿੱਲੋ ਨੇ ਕਿਹਾ ਕਿ ਜੋ ਪ੍ਰਚਾਰ ਅਤੇ ਤਸਵੀਰਾਂ ਇਸ਼ਤਿਹਾਰਾਂ ਵਿੱਚ ਪੰਜਾਬ ਸਰਕਾਰ ਦਿਖਾ ਰਹੀ ਹੈ ਅਜਿਹਾ ਸਰਕਾਰੀ ਸਕੂਲਾਂ ਵਿੱਚ ਕੁਝ ਵੀ ਨਹੀਂ ਹੈ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨਾਂ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਨੂੰ ਇਸੇ ਸਵਾਲ ਤਹਿਤ ਵਿਧਾਨ ਸਭਾ ਦੇ ਵਿੱਚ ਘੇਰਨ ਦੀ ਬਿਉਂਤਬੰਦੀ ਬਣਾਈ ਸੀ, ਪਰ ਸਮਾਂ ਨਾ ਹੋਣ ਕਾਰਨ ਉਨਾਂ ਦੇ ਸਟਾਰ ਕੀਤਾ ਸਵਾਲ ਲਈ ਵੀ ਬੋਲਣ ਦਾ ਸਮਾਂ ਨਹੀਂ ਮਿਲਿਆ।