ਪੰਜਾਬ ਸਰਕਾਰ ਪ੍ਰਚਾਰ ’ਤੇ ਪਾਣੀ ਵਾਂਗ ਵਹਾਉਣ ’ਚ ਲੱਗੀ ਪੈਸਾ : ਰਾਹੀ, ਦੀਵਾਨਾ
ਪੰਜਾਬ ਸਰਕਾਰ ਵਿੱਤੀ ਪ੍ਰਬੰਧਨ ਬਜਾਇ ਪ੍ਰਚਾਰ ’ਤੇ ਪਾਣੀ ਵਾਂਗ ਵਹਾਉਣ ’ਚ ਲੱਗੀ ਪੈਸਾ: ਰਾਹੀ, ਦੀਵਾਨਾ
Publish Date: Wed, 25 Mar 2026 05:56 PM (IST)
Updated Date: Wed, 25 Mar 2026 05:59 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਅੰਦਰ ਲਗਾਤਾਰ ਅਮਨ ਕਾਨੂੰਨ ਦੀ ਸਥਿੱਤੀ ਭੰਗ ਹੋ ਰਹੀ ਹੈ, ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ। ਪੰਜਾਬ ਦਾ ਭਵਿੱਖ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ’ਚ ਹੀ ਸੁਰੱਖਿਅਤ ਹੈ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਇੰਚਾਰਜ ਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੌਜੂਦਾ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੌਜੂਦਾ ਸ਼ਾਸਨਕਾਲ ’ਚ ਵਿਕਾਸ ਦੀ ਗਤੀ ਪੂਰੀ ਤਰ੍ਹਾਂ ਥੰਮ ਗਈ ਹੈ ਤੇ ਸਰਕਾਰ ਸਿਰਫ਼ ਇਸ਼ਤਿਹਾਰਾਂ ਦੇ ਸਹਾਰੇ ਆਪਣਾ ਅਕਸ ਚਮਕਾਉਣ ’ਚ ਲੱਗੀ ਹੋਈ ਹੈ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ ਜਾਂ ਵਪਾਰੀ-ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਜੋ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਹੁਣ ਬਹਾਨੇਬਾਜ਼ੀ ਕਰ ਰਹੀ ਹੈ। ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੋਣ ਦੇ ਕੰਢੇ ਹੈ ਕਿਉਂਕਿ ਸਰਕਾਰ ਵਿੱਤੀ ਪ੍ਰਬੰਧਨ ਦੀ ਬਜਾਇ ਸਿਰਫ਼ ਪ੍ਰਚਾਰ ਤੇ ਪੈਸਾ ਖ਼ਰਚ ਕਰ ਰਹੀ ਹੈ। ਸੂਬਾ ਕਰਜ਼ੇ ਦੇ ਦਲਦਲ ’ਚ ਫਸਦਾ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ। ਯਾਦਵਿੰਦਰ ਸਿੰਘ ਬਿੱਟੂ ਨੇ ਆਪਣੇ ਸੰਬੋਧਨ ’ਚ ਅਕਾਲੀ ਸਰਕਾਰ ਸਮੇਂ ਜੋ ਪੰਜਾਬ ਅੰਦਰ ਵਿਕਾਸ ਹੋਇਆ ਉਹ ਕਿਸੇ ਸਰਕਾਰ ਸਮੇਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੜਕਾਂ ਦਾ ਜਾਲ ਵਿਛਾਉਣਾ, ਮੰਡੀਆਂ ਦੀ ਮਜ਼ਬੂਤ ਵਿਵਸਥਾ ਕਰਨਾ ਅਤੇ ਕਿਸਾਨਾਂ ਨੂੰ ਮੁਫ਼ਤ ਟਿਊਬਵੈੱਲ ਕਨੈਕਸ਼ਨ ਵਰਗੀਆਂ ਸਹੂਲਤਾਂ ਦੇਣਾ ਕੇਵਲ ਅਕਾਲੀ ਦਲ ਦੇ ਵਿਜ਼ਨ ਕਾਰਨ ਹੀ ਸੰਭਵ ਹੋ ਸਕਿਆ ਸੀ। ਵੇਅਰਹਾਊਸ ਕਾਰਪੋਰੇਸ਼ਨ ਦੇ ਅਧਿਕਾਰੀ ਦੀ ਖ਼ੁਦਕੁਸ਼ੀ ਵਰਗੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰੀ ਤੰਤਰ ’ਚ ਭ੍ਰਿਸ਼ਟਾਚਾਰ ਤੇ ਦਬਾਅ ਦਾ ਬੋਲਬਾਲਾ ਵਧ ਗਿਆ ਹੈ। ਐਡਵੋਕੇਟ ਰਾਹੀ ਨੇ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਨਿਆਂ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਦਾ ਸਮਰਥਕ ਰਿਹਾ ਹੈ। ਇਸ ਮਾਮਲੇ ’ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਜ਼ੋਰਾਂ ’ਤੇ ਵਿੱਢੀਆਂ ਜਾ ਰਹੀਆਂ ਹਨ, ਵੱਧ ਤੋਂ ਵੱਧ ਲੋਕਾਂ ਨੂੰ ਵਾ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।