- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸੇਵਾ ਕੈਂਪ ਨੇ ਸੇਖਾ ਦੇ ਦਿਹਾੜੀਦਾਰ ਪਰਿਵਾਰ ਦੀਆਂ ਧੀਆਂ ਦੀ ਜ਼ਿੰਦਗੀ ਰੁਸ਼ਨਾਈ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵੱਲੋਂ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਲਈ ਲਗਾਏ ਲੋਕ ਸੇਵਾ ਕੈਂਪ ਨੇ ਪਿੰਡ ਸੇਖਾ ਦੇ ਲੋੜਵੰਦ ਪਰਿਵਾਰਾਂ ਦੀਆਂ 2 ਧੀਆਂ ਦੀ ਜ਼ਿੰਦਗੀ ਰੁਸ਼ਨਾ ਦਿੱਤੀ, ਜਿਨ੍ਹਾਂ ਨੂੰ ਜਨਮ ਸਮੇਂ ਤੋਂ ਅੱਖਾਂ ਦੇ ਟੇਢੇਪਣ ਦੀ ਦਿੱਕਤ ਸੀ। ਰੈੱਡ ਕਰਾਸ ਸੋਸਾਇਟੀ ਨੇ ਪਿੰਡ ਸੇਖਾ ਦੇ ਰਾਜਵਿੰਦਰ ਸਿੰਘ ਦੀਆਂ ਦੋ ਧੀਆਂ ਦਾ ਅੱਖਾਂ ਦਾ ਮੁਫ਼ਤ ਇਲਾਜ ਕਰਵਾ ਕੇ ਦੋਵਾਂ ਧੀਆਂ ਦੀ ਜ਼ਿੰਦਗੀ ਬਦਲ ਦਿੱਤੀ। ਪਿੰਡ ਸੇਖਾ ਦੇ ਰਹਿਣ ਵਾਲੇ ਦਿਹਾੜੀਦਾਰ ਰਾਜਵਿੰਦਰ ਸਿੰਘ (40 ਸਾਲ) ਨੂੰ ਪਤਾ ਲੱਗਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਪਿੰਡ ਵਿੱਚ ਲੋਕ ਸੇਵਾ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਮੁਫ਼ਤ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਅਪਲਾਈ ਕਰਵਾਇਆ ਜਾ ਰਿਹਾ ਹੈ। ਰਾਜਵਿੰਦਰ ਸਿੰਘ ਦੀ ਛੇਵੀਂ ਜਮਾਤ ਵਿੱਚ ਪੜ੍ਹਦੀ ਵੱਡੀ ਧੀ ਸੁਖਮਨਪ੍ਰੀਤ ਕੌਰ (12 ਸਾਲ) ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦੀ ਛੋਟੀ ਧੀ ਬੇਅੰਤ ਕੌਰ (10 ਸਾਲ) ਦੀ ਨਜ਼ਰ ਕਮਜ਼ੋਰ ਸੀ ਅਤੇ ਦੋਵੇਂ ਜਮਾਂਦਰੂ ਅੱਖਾਂ ਦੇ ਟੇਢੇਪਣ ਦੀ ਸਮੱਸਿਆ ਤੋਂ ਵੀ ਪੀੜਤ ਸਨ। ਇਸ ਸਬੰਧੀ ਉਨ੍ਹਾਂ ਨੇ ਲੋਕ ਸੇਵਾ ਕੈਂਪ ਵਿੱਚ ਦੋਵਾਂ ਧੀਆਂ ਦੀਆਂ ਅੱਖਾਂ ਦੀ ਜਾਂਚ ਕਰਵਾਈ।
ਜਾਂਚ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਸਹੀ ਇਲਾਜ ਨਾਲ ਦੋਵਾਂ ਬੱਚੀਆਂ ਦੀ ਹਾਲਤ ਵਿੱਚ ਸੁਧਾਰ ਸੰਭਵ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਸਿੰਘ, ਆਈ.ਏ.ਐੱਸ. ਵੱਲੋਂ ਪਿੰਡ ਸੇਖਾ ਵਿਖੇ ਲਗਾਏ ਗਏ ਕੈਂਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਮੌਕੇ ’ਤੇ ਹੀ ਸਬੰਧਤ ਸਟਾਫ਼ ਨੂੰ ਦੋਵਾਂ ਬੱਚੀਆਂ ਦਾ ਇਲਾਜ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਮੁਫ਼ਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਅੱਖਾਂ ਦੇ ਮਾਹਿਰ ਡਾਕਟਰਾਂ ਰਾਹੀਂ ਦੋਵਾਂ ਬੱਚੀਆਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ। ਇਲਾਜ ਦੌਰਾਨ ਵੱਡੀ ਧੀ ਸੁਖਮਨਪ੍ਰੀਤ ਕੌਰ ਦੀ ਨਜ਼ਰ ਲਈ ਐਨਕ ਲਗਾਉਣ ਨਾਲ ਹੀ ਅੱਖਾਂ ਦੇ ਟੇਢੇਪਣ ਦੀ ਸਮੱਸਿਆ ਵਿੱਚ ਸੁਧਾਰ ਆ ਗਿਆ ਜਦਕਿ ਛੋਟੀ ਧੀ ਬੇਅੰਤ ਕੌਰ ਦਾ ਪਿਛਲੇ ਦਿਨੀਂ ਸਫਲ ਆਪਰੇਸ਼ਨ ਕਰਵਾਇਆ ਗਿਆ। ਇਸ ਇਲਾਜ ਲਈ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਰਾਜਵਿੰਦਰ ਸਿੰਘ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਟ ਕੀਤਾ ਗਿਆ। ਬੱਚੀਆਂ ਦੀ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਧੀ ਸੁਖਮਨਪ੍ਰੀਤ ਦੀ ਸਮੱਸਿਆ ਵਿੱਚ ਲਗਭਗ 80 ਫੀਸਦੀ ਤੱਕ ਸੁਧਾਰ ਹੋ ਚੁੱਕਾ ਹੈ ਅਤੇ ਉਸ ਦੀ ਸਿਹਤ ਵਿੱਚ ਲਗਾਤਾਰ ਬਿਹਤਰੀ ਆ ਰਹੀ ਹੈ।
ਇਸੇ ਤਰ੍ਹਾਂ ਛੋਟੀ ਧੀ ਬੇਅੰਤ ਕੌਰ ਦਾ ਆਪਰੇਸ਼ਨ ਵੀ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਪਰਿਵਾਰ ਲਈ ਦੋਵਾਂ ਧੀਆਂ ਦਾ ਇਲਾਜ ਕਰਵਾਉਣਾ ਮੁਸ਼ਕਲ ਸੀ, ਪਰ ਲੋਕ ਸੇਵਾ ਕੈਂਪ ਰਾਹੀਂ ਮਿਲੀ ਸਹਾਇਤਾ ਨਾਲ ਉਨ੍ਹਾਂ ਦੀਆਂ ਧੀਆਂ ਦਾ ਇਲਾਜ ਸੰਭਵ ਹੋ ਸਕਿਆ। ਉਨ੍ਹਾਂ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਅਤੇ ਸਿਹਤ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਹਿਲੇ ਪੜਾਅ ਦੌਰਾਨ ਪਿੰਡ ਕਰਮਗੜ੍ਹ, ਕਾਲੇਕੇ, ਢਿੱਲਵਾਂ, ਕੱਟੂ, ਜ਼ਿਲ੍ਹਾ ਜੇਲ੍ਹ, ਅਮਲਾ ਸਿੰਘ ਵਾਲਾ, ਠੀਕਰੀਵਾਲ, ਸੇਖਾ, ਰਾਜਗੜ੍ਹ ਅਤੇ ਸਹਿਜੜਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਲੋਕ ਸੇਵਾ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਮੁਫ਼ਤ ਮੈਡੀਕਲ ਜਾਂਚ, ਮੁਫ਼ਤ ਦਵਾਈਆਂ ਅਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਨੂੰ ਅਪਲਾਈ ਕਰਵਾਇਆ ਗਿਆ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਇੱਕੋ ਛੱਤ ਹੇਠ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।