ਵਾਰਡ ਨੰਬਰ 38 'ਚ ਸ਼ਰੇਆਮ ਵਿਕ ਰਹੇ ਨਸ਼ੇ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ ਬਰਨਾਲਾ ਦੇ ਵਾਰਡ ਨੰਬਰ 38 'ਚ ਸ਼ਰੇਆਮ ਵਿਕ ਰਹੇ ਨਸ਼ੇ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ
Publish Date: Tue, 22 Sep 2026 07:34 PM (IST)
Updated Date: Wed, 23 Sep 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਵਾਰਡ ਨੰਬਰ 38 ਦੇ ਨਿਵਾਸੀਆਂ ਨੇ ਇਲਾਕੇ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਅਤੇ ਦਿਨ-ਰਾਤ ਘੁੰਮਦੇ ਨਸ਼ੇੜੀਆਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਐੱਸ.ਐੱਸ.ਪੀ. ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਸੌਂਪਿਆ। ਐੱਸ.ਐੱਸ.ਪੀ. ਨੂੰ ਮਿਲਣ ਉਪਰੰਤ ਵਫ਼ਦ ਵਿੱਚ ਸ਼ਾਮਲ ਸੁਖਪਾਲ ਕੌਰ ਨੇ ਦੱਸਿਆ ਕਿ ਘਰਾਂ ਨੇੜੇ ਨਸ਼ੇੜੀਆਂ ਦੀ ਲਗਾਤਾਰ ਆਮਦ ਕਾਰਨ ਇਲਾਕਾ ਨਿਵਾਸੀ ਬੇਹੱਦ ਪਰੇਸ਼ਾਨ ਹਨ। ਨਸ਼ੇੜੀ ਘੰਟਿਆਂ ਬੱਧੀ ਘਰਾਂ ਅੱਗੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਔਰਤਾਂ ਅਤੇ ਛੋਟੇ-ਛੋਟੇ ਬੱਚੇ ਡਰ ਦੇ ਮਾਹੌਲ ਵਿੱਚ ਜਿਊਣ ਲਈ ਮਜਬੂਰ ਹਨ। ਅੰਜੂ ਰਾਣੀ ਨੇ ਦੱਸਿਆ ਕਿ ਪਰਿਵਾਰ ਦੀ ਸੁਰੱਖਿਆ ਲਈ ਉਹ ਪਿਛਲੇ 5-6 ਦਿਨਾਂ ਤੋਂ ਹੱਥਾਂ ਵਿੱਚ ਡਾਂਗਾਂ ਲੈ ਕੇ ਦਿਨ-ਰਾਤ ਪਹਿਰਾ ਦੇ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਫੋਨ ਕਰਨ ’ਤੇ ਪੀ.ਸੀ.ਆਰ.ਮੁਲਾਜ਼ਮ ਆਉਂਦੇ ਤਾਂ ਹਨ, ਪਰ ਮਹਿਜ਼ ਚਲਾਨ ਕੱਟ ਕੇ ਵਾਪਸ ਚਲੇ ਜਾਂਦੇ ਹਨ। ਬਾਰ-ਬਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸੁਣਵਾਈ ਨਾ ਹੋਣ ’ਤੇ ਲੋਕਾਂ ਨੂੰ ਆਪ ਡਾਂਗਾਂ ਚੁੱਕਣੀਆਂ ਪਈਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਹੇਮੰਤ ਗਰਗ ਤੇ ਦੀਪਕ ਕੁਮਾਰ ਨੇ ਦੱਸਿਆ ਕਿ ਦਿਨ-ਰਾਤ ਇਲਾਕੇ ਚ ਖ਼ਤਰੇ ਦਾ ਮਾਹੌਲ ਬਣਿਆ ਰਹਿੰਦਾ ਹੈ। ਨਸ਼ੇੜੀਆਂ ਕੋਲ ਮਾਰੂ ਹਥਿਆਰ ਹੁੰਦੇ ਹਨ ਅਤੇ ਵਿਰੋਧ ਕਰਨ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਇਕੱਠੇ ਹੋ ਕੇ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਤਸਕਰ ਫਰਾਰ ਹੋ ਜਾਂਦੇ ਹਨ। ਲੋਕਾਂ ਨੇ ਤਾਂ ਨਸ਼ਾ ਕਰਨ ਵਾਲੇ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਫੜ ਕੇ ਪੁਲਿਸ ਹਵਾਲੇ ਕੀਤਾ ਹੈ। ਲੱਕੀ ਕੰਡਾ ਸਮੇਤ ਹਾਜ਼ਰ ਲੋਕਾਂ ਨੇ ਦਾਅਵਾ ਕੀਤਾ ਕਿ ਸੈਂਸੀ ਬਸਤੀ ਦੇ ਲੋਕ ਸ਼ਰੇਆਮ ‘ਚਿੱਟਾ’ ਵੇਚਦੇ ਹਨ, ਜਿਸ ਕਾਰਨ ਰੋਜ਼ਾਨਾ 100 ਤੋਂ 150 ਨਸ਼ੇੜੀ ਵਾਰਡ ਵਿੱਚ ਆਉਂਦੇ-ਜਾਂਦੇ ਹਨ। ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਜਾਂ ਤਾਂ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਕਰਵਾਈ ਜਾਵੇ ਜਾਂ ਫਿਰ ਕੰਧ ਕੱਢ ਕੇ ਬਸਤੀ ਵੱਲ ਜਾਂਦੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਇਸ ਮੌਕੇ ਅਨੀਤਾ, ਮੀਨੂ ਰਾਣੀ, ਐਡਵੋਕੇਟ ਚਾਂਦਨੀ, ਪ੍ਰੀਤੀ, ਸੀਮਾ, ਸਵਿਤਾ ਰਾਣੀ, ਸੁਨੀਤਾ ਰਾਣੀ, ਭਾਵਨਾ ਗਰਗ, ਰਜ਼ੀਆ, ਗੁਰਦੀਪ ਸਿੰਘ, ਇਸ਼ਾਨ ਸ਼ਰਮਾ, ਨਿਤੀਸ਼ ਸ਼ਰਮਾ, ਜਗਵਿੰਦਰ ਸਿੰਘ ਅਤੇ ਓਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।