ਪੰਜਾਬ ਸਖੀ ਸ਼ਕਤੀ ਮੇਲਾ : ਐੱਮਪੀ ਮੀਤ ਹੇਅਰ ਵੱਲੋਂ ਮੇਲੇ ਦਾ ਪੋਸਟਰ ਜਾਰੀ
ਪੰਜਾਬ ਸਖੀ ਸ਼ਕਤੀ ਮੇਲਾ: ਸੰਸਦ ਮੈਂਬਰ ਮੀਤ ਹੇਅਰ ਵਲੋਂ ਮੇਲੇ ਦਾ ਪੋਸਟਰ ਜਾਰੀ
Publish Date: Wed, 18 Feb 2026 04:35 PM (IST)
Updated Date: Wed, 18 Feb 2026 04:39 PM (IST)
- ਬਰਨਾਲਾ ’ਚ 24 ਤੋਂ 26 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ’ਚ ਲੱਗੇਗਾ ਸਖੀ ਸ਼ਕਤੀ ਮੇਲਾ
- ਸੈਲਫ ਹੈਲਪ ਗਰੁੱਪਾਂ ਦੇ ਲੱਗਣਗੇ ਸਟਾਲ, ਲੋਕ ਤੇ ਸੂਫ਼ੀ ਗਾਇਕ ਦੀਆਂ ਹੋਣਗੀਆਂ ਪੇਸ਼ਕਾਰੀਆਂ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ 24, 25 ਅਤੇ 26 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ’ਚ ਕਰਵਾਇਆ ਜਾ ਰਿਹਾ ਹੈ। ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਮੇਲੇ ਦਾ ਪੋਸਟਰ ਜਾਰੀ ਕੀਤਾ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਮੇਲੇ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ’ਚ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਦੇ ਘਰੇਲੂ, ਜੈਵਿਕ, ਹੱਥਾਂ ਨਾਲ ਬਣੇ ਸਾਮਾਨ ਦੇ ਸਟਾਲ ਲੱਗਣਗੇ। ਇਸ ਤੋਂ ਇਲਾਵਾ ਸ਼ਾਮ ਨੂੰ ਉੱਘੇ ਸੂਫ਼ੀ ਅਤੇ ਲੋਕ ਗਾਇਕ ਆਪਣੀ ਪੇਸ਼ਕਾਰੀ ਦੇਣਗੇ। ਮੇਲੇ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 9 ਵਜੇ ਤਕ ਹੈ ਅਤੇ ਗਾਇਕਾਂ ਦੀਆਂ ਪੇਸ਼ਕਾਰੀਆਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤਕ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮੇਲੇ ਦੀ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ’ਚ ਤਿੰਨੇ ਦਿਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਦੇਣਗੇ। ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੇਲੇ ’ਚ ਸ਼ਮੂਲੀਅਤ ਕਰਨ ਅਤੇ ਖ਼ਰੀਦਦਾਰੀ ਕਰਨ ਦਾ ਸੱਦਾ ਦਿੱਤਾ ਤਾਂ ਜੋ ਔਰਤਾਂ ਦੇ ਸਵੈ ਸੇਵੀ ਗਰੁੱਪਾਂ ਨੂੰ ਹੁਲਾਰਾ ਮਿਲ ਸਕੇ। ਇਸ ਮੌਕੇ ਐੱਸਡੀਐੱਮ ਤਪਾ ਆਯੂਸ਼ ਗੋਇਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਰਿੰਦਰ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਤੇ ਸ਼ਖ਼ਸੀਅਤਾਂ ਆਦਿ ਹਾਜ਼ਰ ਸਨ।