ਦਿੱਲੀਓਂ ਜੁੜੀਆਂ ਸਿਆਸੀ ਤਾਰਾਂ ਦਿੱਲੀਓਂ ਜੁੜੀਆਂ ਸਿਆਸੀ ਤਾਰਾਂ
Publish Date: Tue, 24 Nov 2026 06:25 PM (IST)
Updated Date: Tue, 24 Nov 2026 06:28 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦਿੱਲੀ ਦਰਬਾਰ ਤੋਂ ਜਿਉਂ ਹੀ ਅਕਾਲੀ ਦਲ ਤੇ ਭਾਜਪਾ ਦੀਆਂ ਟੁੱਟੀਆਂ ਹੋਈਆਂ ਸਿਆਸੀ ਤਾਰਾਂ ਮੁੜ ਆਪਸ ਵਿੱਚ ਜੁੜੀਆਂ, ਤਿਉਂ ਹੀ ਬਰਨਾਲਾ ਦੇ ਸਿਆਸੀ ਪਿੜ ਵਿੱਚ ਰੌਣਕਾਂ ਲੱਗ ਗਈਆਂ। ਬਾਅਦ ਦੁਪਹਿਰ ਹੰਡਿਆਇਆ ਰੋਡ ’ਤੇ ਬਣੇ ਭਾਜਪਾ ਦੇ ਨਵੇਂ ਦਫ਼ਤਰ ਵਿਖੇ ਦੋਵਾਂ ਪਾਰਟੀਆਂ ਦੇ ਲੀਡਰਾਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਖ਼ੁਸ਼ੀ ਮਨਾਈ, ਇੱਕ-ਦੂਜੇ ਦੇ ਮੂੰਹ ਲੱਡੂਆਂ ਨਾਲ ਮਿੱਠੇ ਕਰਵਾਏ ਅਤੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਮਹਿਲ ਕਲਾਂ ਤੋਂ ਨਾਥ ਸਿੰਘ ਹਮੀਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕੌਮੀ ਮੀਤ ਪ੍ਰਧਾਨ ਸੰਜੀਵ ਸ਼ੋਰੀ, ਸੂਬਾ ਮੀਤ ਪ੍ਰਧਾਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਅਤੇ ਅਕਾਲੀ ਦਲ ਦੇ ਅਬਜ਼ਰਵਰ ਤੇ ਕੌਮੀ ਜਥੇਬੰਦਕ ਸਕੱਤਰ ਜਤਿੰਦਰ ਜਿੰਮੀ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਣੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਸਾਂਝੇ ਤੌਰ ਤੇ ਸਭ ਤੋਂ ਪਹਿਲਾਂ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਆਗੂਆਂ ਨੇ ਆਖਿਆ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਲਈ ਬੜਾ ਭਾਗਾਂ ਵਾਲਾ ਤੇ ਇਤਿਹਾਸਕ ਹੈ, ਕਿਉਂਕਿ ਅਕਾਲੀ-ਭਾਜਪਾ ਦਾ ਇਹ ਮੇਲ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ। ਉਨ੍ਹਾਂ ਠੋਕ ਕੇ ਦਾਅਵਾ ਕੀਤਾ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਗੱਠਜੋੜ ਪੂਰੇ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਸਿਰਫ਼ ਦੋ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਕੋਹੜ ਜੜ੍ਹੋਂ ਪੁੱਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਹਲੇ ਫਿਰਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਅਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਾਂਗ ਮੁੜ ਵਿਕਾਸ ਦੀ ਹਨੇਰੀ ਲਿਆਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਮੌਜੂਦਾ ਸੂਬਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਹਾਕਮਾਂ ਨੇ ਮੁਫ਼ਤ ਬਿਜਲੀ, ਨਹਿਰੀ ਪਾਣੀ ਤੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਝੂਠੇ ਲਾਰੇ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਸਰਕਾਰ ਨੇ ਆਪਣੇ ਆਖ਼ਰੀ ਵੇਲੇ ਬੀਬੀਆਂ ਨੂੰ ਪੈਸੇ ਦੇਣ ਦਾ ਡਰਾਮਾ ਰਚਿਆ ਹੈ, ਪਰ ਅਜੇ ਵੀ ਬਹੁਤੀਆਂ ਮਾਵਾਂ-ਭੈਣਾਂ ਇਸ ਸਹੂਲਤ ਤੋਂ ਸੱਖਣੀਆਂ ਹਨ। ਪੱਛਮੀ ਬੰਗਾਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਉੱਥੇ ਭਾਜਪਾ ਨੇ ਮਹਿਲਾਵਾਂ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਥਾਂ ਸਿਰਫ਼ ਇਸ਼ਤਿਹਾਰਬਾਜ਼ੀ ’ਤੇ ਲੋਕਾਂ ਦਾ ਪੈਸਾ ਰੋੜ੍ਹ ਰਹੀ ਹੈ ਅਤੇ ਬਾਹਰਲੇ ਸੂਬਿਆਂ ਤੋਂ ਆਏ ਲੀਡਰ ਪੰਜਾਬ ਦੇ ਖ਼ਜ਼ਾਨੇ ਤੇ ਸਿਆਸਤ ’ਤੇ ਕਾਬਜ਼ ਹੋ ਕੇ ਬੈਠੇ ਹਨ। ਹੁਣ ਪੰਜਾਬ ਦੇ ਲੋਕ ਇਨ੍ਹਾਂ ਤੋਂ ਅੱਕ ਚੁੱਕੇ ਹਨ ਤੇ ਮੁੜ ਅਕਾਲੀ-ਭਾਜਪਾ ਗੱਠਜੋੜ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਇਸ ਇਕੱਠ ਵਿੱਚ ਭਾਜਪਾ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਨਾਥ ਸਿੰਘ ਹਮੀਦੀ, ਰਘਬੀਰ ਪ੍ਰਕਾਸ਼, ਅਕਾਲੀ ਆਗੂ ਬੇਅੰਤ ਸਿੰਘ ਬਾਠ, ਭਾਰਤ ਕਾਂਸਲ, ਜੀਵਨ ਮੋਦੀ, ਤਜਿੰਦਰ ਸਿੰਘ ਸੋਨੀ ਜਾਗਲ, ਜਸਵੀਰ ਸਿੰਘ ਗੱਖੀ ਅਤੇ ਕੌਂਸਲਰ ਧਰਮ ਸਿੰਘ ਫੌਜੀ, ਸਿੰਘ ਧਾਲੀਵਾਲ, ਆਸ਼ੀਸ਼ ਗਰਗ, ਬਾਰੂ ਐਮਸੀ, ਭਾਰਤ ਕਾਂਸਲ ਮੰਡਲ ਪ੍ਰਧਾਨ, ਸਮਰ ਵਾਲੀਆ ਸਪੋਰਟਰ ਸੈਲ ਇੰਚਾਰਜ ਸਮੇਤ ਦੋਵਾਂ ਪਾਰਟੀਆਂ ਦੇ ਵੱਡੀ ਗਿਣਤੀ ਚ ਵਰਕਰ ਤੇ ਆਗੂ ਹਾਜ਼ਰ ਸਨ।