ਸਿਆਸੀ ਘਮਾਸਾਨ : ਵਿਕਾਸ ਕਾਰਜਾਂ ਤੇ ਗ੍ਰਾਂਟਾਂ ਨੂੰ ਲੈ ਕੇ 'ਆਪ' ਤੇ ਅਕਾਲੀ ਦਲ ਆਹਮੋ-ਸਾਹਮਣੇ, ਮੀਤ ਹੇਅਰ ਦੇ ਚੈਲੇਂਜ ਦਾ ਸੰਜੀਵ ਸ਼ੋਰੀ ਨੇ ਦਿੱਤਾ ਠੋਕਵਾਂ ਜਵਾਬ ਬਰਨਾਲਾ ਹਲਕੇ 'ਚ ਪਿੰਡਾਂ ਤੇ ਸ਼ਹਿਰ ਦੇ ਵਿਕਾਸ ਕਾਰਜਾਂ, ਸਰਕਾਰੀ ਗ੍ਰਾਂਟਾਂ ਤੇ ਖੇਡ ਨੀਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਿਆਸੀ ਬਹਿਸ ਤਿੱਖੀ ਹੋ ਗਈ ਹੈ। ਬਰਨਾਲਾ ਕਲੱਬ ਵਿਖੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀ ਧਿਰਾਂ ਨੂੰ ਸਿੱਧੀ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਸ਼ੋਰੀ ਨੇ ਵੀ ਪਲਟਵਾਰ ਕਰਦਿਆਂ ਮੀਤ ਹੇਅਰ ਦੇ ਦਾਅਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
Publish Date: Fri, 02 Oct 2026 02:41 PM (IST)
Updated Date: Fri, 02 Oct 2026 02:42 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਹਲਕੇ 'ਚ ਪਿੰਡਾਂ ਤੇ ਸ਼ਹਿਰ ਦੇ ਵਿਕਾਸ ਕਾਰਜਾਂ, ਸਰਕਾਰੀ ਗ੍ਰਾਂਟਾਂ ਤੇ ਖੇਡ ਨੀਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਿਆਸੀ ਬਹਿਸ ਤਿੱਖੀ ਹੋ ਗਈ ਹੈ। ਬਰਨਾਲਾ ਕਲੱਬ ਵਿਖੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀ ਧਿਰਾਂ ਨੂੰ ਸਿੱਧੀ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਸ਼ੋਰੀ ਨੇ ਵੀ ਪਲਟਵਾਰ ਕਰਦਿਆਂ ਮੀਤ ਹੇਅਰ ਦੇ ਦਾਅਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੀਤ ਹੇਅਰ ਦਾ ਵਿਰੋਧੀਆਂ 'ਤੇ ਤੰਜ ਤੇ ਖੁੱਲ੍ਹਾ ਚੈਲੰਜ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਆਗੂਆਂ 'ਚ ਹਿੰਮਤ ਹੈ ਤਾਂ ਉਹ ਆਪਣੀਆਂ ਪਿਛਲੀਆਂ ਸਰਕਾਰਾਂ ਸਮੇਂ ਕੀਤੇ ਵਿਕਾਸ ਕਾਰਜਾਂ ਦੇ ਫਲੈਕਸ ਬੋਰਡ ਪਿੰਡਾਂ 'ਚ ਲਗਾ ਕੇ ਦਿਖਾਉਣ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਉਹ ਹਰ ਪਿੰਡ 'ਚ ਆਪਣੀ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾਂ ਤੇ ਕੀਤੇ ਵਿਕਾਸ ਕਾਰਜਾਂ ਦੇ ਫਲੈਕਸ ਤੇ ਬੈਨਰ ਲਗਾਉਣਗੇ। ਉਨ੍ਹਾਂ ਕਿਹਾ, "ਜਿਸ ਪਿੰਡ 'ਚ ਮੈਂ ਵਿਰੋਧੀ ਪਾਰਟੀਆਂ ਨਾਲੋਂ ਘੱਟ ਫੰਡ ਜਾਂ ਗ੍ਰਾਂਟ ਦਿੱਤੀ ਹੋਵੇਗੀ, ਮੈਂ ਉਸ ਪਿੰਡ ਵੋਟਾਂ ਮੰਗਣ ਹੀ ਨਹੀਂ ਜਾਵਾਂਗਾ।" ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਰਾਤ ਦੇ ਹਨ੍ਹੇਰੇ 'ਚ ਉਨ੍ਹਾਂ ਦੇ ਫਲੈਕਸ ਨਾ ਪਾੜਨ, ਸਗੋਂ ਜੇਕਰ ਉਨ੍ਹਾਂ ਕੋਈ ਕੰਮ ਕੀਤਾ ਹੈ ਤਾਂ ਆਪਣੇ ਬੋਰਡ ਨਾਲ ਬਰਾਬਰ ਲਗਾਉਣ।
ਖੇਡਾਂ, ਖਿਡਾਰੀਆਂ ਤੇ ਸਰਕਾਰੀ ਫੰਡਾਂ ਦਾ ਜ਼ਿਕਰ ਖੇਡਾਂ ਦੀ ਸਥਿਤੀ ਤੇ ਸਰਕਾਰੀ ਫੰਡਾਂ ਦੀ ਵਰਤੋਂ ਬਾਰੇ ਵੀ ਗੱਲ ਕੀਤੀ ਗਈ। ਮੀਤ ਹੇਅਰ ਨੇ ਦਾਅਵਾ ਕੀਤਾ ਕਿ 'ਆਪ' ਸਰਕਾਰ ਨੇ ਏਸ਼ੀਆਈ ਖੇਡਾਂ, ਓਲੰਪਿਕ ਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਲਈ ਨਗਦ ਇਨਾਮ, ਨੌਕਰੀਆਂ ਤੇ ਤਿਆਰੀ ਲਈ ਵਿੱਤੀ ਸਹਾਇਤਾ ਦੇਣ ਦੀਆਂ ਮਜ਼ਬੂਤ ਨੀਤੀਆਂ ਲਾਗੂ ਕੀਤੀਆਂ ਹਨ। ਪਿੰਡਾਂ 'ਚ ਖੇਡ ਮੈਦਾਨਾਂ ਤੇ ਸਟੇਡੀਅਮਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ, ਜਿੱਥੇ ਨੌਜਵਾਨ ਦੇਰ ਰਾਤ ਤੱਕ ਅਭਿਆਸ ਕਰ ਰਹੇ ਹਨ। ਇਸ ਦੇ ਨਾਲ ਹੀ, ਕ੍ਰਿਕਟ ਦੀ ਤਰਜ਼ 'ਤੇ ਪੰਜਾਬ ਦੀ ਮਾਂ-ਖੇਡ ਕਬੱਡੀ ਤੇ ਹੋਰ ਰਵਾਇਤੀ ਖੇਡਾਂ ਨੂੰ ਵੀ ਸਰਕਾਰੀ ਪੱਧਰ 'ਤੇ ਬਰਾਬਰ ਸਹੂਲਤਾਂ ਤੇ ਉਤਸ਼ਾਹ ਦੇਣ ਦੀ ਮੰਗ 'ਤੇ ਚਰਚਾ ਕੀਤੀ ਗਈ।
ਸੰਜੀਵ ਸ਼ੋਰੀ ਨੇ ਕਬੂਲਿਆ ਚੈਲੰਜ, ਦਿੱਤਾ ਠੋਕਵਾਂ ਜਵਾਬ ਮੀਤ ਹੇਅਰ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਕੋਰ ਕਮੇਟੀ ਦੇ ਟਰੇਡਿੰਗ ਵਿੰਗ ਦੇ ਪ੍ਰਧਾਨ ਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਪਲਟਵਾਰ ਕਰਦਿਆਂ ਇਸ ਚੈਲੰਜ ਨੂੰ ਕਬੂਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਤਕਾਲੀ ਸਰਕਾਰ ਦੀ ਰਹਿਨੁਮਾਈ ਹੇਠ ਬਰਨਾਲਾ ਹਲਕੇ 'ਚ ਕਰੋੜਾਂ ਰੁਪਏ ਦੇ ਬੁਨਿਆਦੀ ਢਾਂਚੇ ਦੇ ਕੰਮ ਕਰਵਾਏ ਗਏ ਹਨ।
'ਮੀਤ ਹੇਅਰ ਸਾਢੇ ਚਾਰ ਸਾਲਾਂ 'ਚ ਲਿਆਂਦਾ ਇੱਕ ਵੀ ਵੱਡਾ ਪ੍ਰਾਜੈਕਟ ਦੱਸਣ' ਸੰਜੀਵ ਸ਼ੋਰੀ ਨੇ ਮੀਤ ਹੇਅਰ 'ਤੇ ਸਿੱਧੇ ਸਵਾਲ ਦਾਗ਼ਦਿਆਂ ਕਿਹਾ ਕਿ ਮੀਤ ਹੇਅਰ ਪਹਿਲਾਂ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਤੇ ਹੁਣ ਐੱਮ.ਪੀ. ਹਨ, ਪਰ ਉਹ ਪਿਛਲੇ ਸਾਢੇ ਚਾਰ ਸਾਲਾਂ 'ਚ ਬਰਨਾਲਾ ਸ਼ਹਿਰ ਲਈ ਲਿਆਂਦਾ ਕੋਈ ਇੱਕ ਵੀ ਨਵਾਂ ਵੱਡਾ ਪ੍ਰਾਜੈਕਟ ਲੋਕਾਂ ਸਾਹਮਣੇ ਰੱਖਣ।
ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਪੁਰਾਣੇ ਪ੍ਰਾਜੈਕਟਾਂ 'ਤੇ ਸਿਰਫ਼ ਰੰਗ-ਰੋਗਨ ਕਰਵਾ ਕੇ ਤੇ ਆਪਣੇ ਨਾਂ ਦੀਆਂ ਤਖ਼ਤੀਆਂ ਲਗਾ ਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੋਰੀ ਨੇ ਕਿਹਾ ਕਿ ਜੇਕਰ ਕੰਮ ਅਸਲ 'ਚ ਹੋਇਆ ਹੋਵੇ ਤਾਂ ਫਲੈਕਸ ਬੋਰਡ ਲਗਾਉਣ ਦੀ ਲੋੜ ਨਹੀਂ ਪੈਂਦੀ, ਲੋਕਾਂ ਨੂੰ ਆਪੇ ਹੀ ਨਜ਼ਰ ਆ ਜਾਂਦਾ ਹੈ।
ਅਕਾਲੀ ਦਲ ਵੇਲੇ ਹੋਏ ਵੱਡੇ ਵਿਕਾਸ ਕਾਰਜਾਂ ਦਾ ਦਿੱਤਾ ਹਵਾਲਾ
ਸੰਜੀਵ ਸ਼ੋਰੀ ਨੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਬਰਨਾਲਾ 'ਚ ਹੋਏ ਵੱਡੇ ਪ੍ਰਾਜੈਕਟਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣ ਵਾਲੇ ਸਾਰੇ ਵੱਡੇ ਕੰਮ ਅਕਾਲੀ ਸਰਕਾਰ ਵੇਲੇ ਹੀ ਹੋਏ ਸਨ, ਜਿਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹਿਰ ਦੇ ਦੋਵੇਂ ਰੇਲਵੇ ਓਵਰਬ੍ਰਿਜ, ਧਨੌਲਾ ਰੋਡ ਅੰਡਰਬ੍ਰਿਜ, ਸਿਵਲ ਹਸਪਤਾਲ ਵਿਖੇ ਜੱਚਾ-ਬੱਚਾ ਸੰਭਾਲ ਕੇਂਦਰ, ਸੀਵਰੇਜ ਟਰੀਟਮੈਂਟ ਪਲਾਂਟ 'ਤੇ 150 ਕਰੋੜ ਰੁਪਏ ਦਾ ਸੀਵਰੇਜ ਪ੍ਰਾਜੈਕਟ, ਬਾਬਾ ਕਾਲਾ ਮਹਿਰ ਸਟੇਡੀਅਮ, ਯੂਨੀਵਰਸਿਟੀ ਕਾਲਜ ਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਡਬਰ,ਆਦਿ ਸ਼ੋਰੀ ਨੇ ਅੰਤ 'ਚ ਕਿਹਾ ਕਿ ਬਰਨਾਲਾ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਅਸਲ ਵਿਕਾਸ ਕਿਸ ਦੇ ਰਾਜ 'ਚ ਹੋਇਆ ਹੈ ਤੇ ਸਿਰਫ਼ ਬੈਨਰ-ਫਲੈਕਸ ਲਗਾ ਕੇ ਝੂਠੇ ਦਾਅਵੇ ਕਰਨ ਨਾਲ ਹਕੀਕਤ ਨਹੀਂ ਬਦਲ ਸਕਦੀ।