ਬੇਰੁਜ਼ਗਾਰ ਸਾਂਝੇ ਮੋਰਚੇ ਦਾ ਸਰਕਾਰ ’ਤੇ ਤਿੱਖਾ ਹਮਲਾ: ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰਨ ਦੇ ਦੋਸ਼, 29 ਨੂੰ ਸੰਗਰੂਰ ਵਿਖੇ ਘਿਰਾਓ ਦੀ ਚਿਤਾਵਨੀ
ਭਾਰਤ ਦੇ ਸੰਵਿਧਾਨ ਦਿਵਸ ਮੌਕੇ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਨੇ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਮੋਗਾ ਨੇੜਲੇ ਪਿੰਡ ਮਟਵਾਣੀ ਵਿਖੇ ਰੱਖੀ ਸੂਬਾ ਪੱਧਰੀ ਰੈਲੀ ਵਿੱਚ ਹੋਕੇ ਦੇ-ਦੇ ਕੇ ਲੋਕਾਂ ਨੂੰ ਸੱਦਿਆ, ਉੱਥੇ ਹੀ ਦੂਜੇ ਪਾਸੇ ਆਪਣਾ ਹੱਕ ਮੰਗਦੇ ਬੇਰੁਜ਼ਗਾਰਾਂ ਦੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਮਾਰਦਿਆਂ ਉਨ੍ਹਾਂ ਨੂੰ ਘਰਾਂ ਵਿੱਚ ਹੀ ਡੱਕ ਦਿੱਤਾ ਗਿਆ।
Publish Date: Thu, 26 Nov 2026 03:38 PM (IST)
Updated Date: Thu, 26 Nov 2026 04:02 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਦੇ ਸੰਵਿਧਾਨ ਦਿਵਸ ਮੌਕੇ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਨੇ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਮੋਗਾ ਨੇੜਲੇ ਪਿੰਡ ਮਟਵਾਣੀ ਵਿਖੇ ਰੱਖੀ ਸੂਬਾ ਪੱਧਰੀ ਰੈਲੀ ਵਿੱਚ ਹੋਕੇ ਦੇ-ਦੇ ਕੇ ਲੋਕਾਂ ਨੂੰ ਸੱਦਿਆ, ਉੱਥੇ ਹੀ ਦੂਜੇ ਪਾਸੇ ਆਪਣਾ ਹੱਕ ਮੰਗਦੇ ਬੇਰੁਜ਼ਗਾਰਾਂ ਦੇ ਸੰਵਿਧਾਨਿਕ ਹੱਕਾਂ 'ਤੇ ਡਾਕਾ ਮਾਰਦਿਆਂ ਉਨ੍ਹਾਂ ਨੂੰ ਘਰਾਂ ਵਿੱਚ ਹੀ ਡੱਕ ਦਿੱਤਾ ਗਿਆ।
![naidunia_image]()
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਸਿਰ ਪੰਜ ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਚੜ੍ਹ ਚੁੱਕਾ ਹੈ ਤੇ ਹਰ ਵਰਗ ਡਾਢਾ ਦੁਖੀ ਹੈ, ਇਸ ਲਈ 'ਖੁਸ਼ਹਾਲ' ਨਹੀਂ ਸਗੋਂ 'ਕੰਗਾਲ ਪੰਜਾਬ' ਰੈਲੀ ਕਰਨੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਤੇ ਸਿਹਤ ਮਹਿਕਮੇ ਵਿੱਚ ਵੱਡੇ ਬਦਲਾਅ ਲਿਆਉਣ ਦੀਆਂ ਫੜ੍ਹਾਂ ਮਾਰਨ ਵਾਲੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਐੱਨ.ਟੀ.ਟੀ., ਈ.ਟੀ.ਟੀ., ਮਾਸਟਰ ਕੇਡਰ ਜਾਂ ਸਹਾਇਕ ਪ੍ਰੋਫੈਸਰ ਦੀ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ। ਉਮਰ ਹੱਦ ਵਿੱਚ ਛੋਟ ਦੇਣ ਦੇ ਵਾਅਦੇ ਵੀ ਨਿਰੇ ਲਾਰੇ ਹੀ ਸਾਬਤ ਹੋਏ ਹਨ, ਜਿਸ ਕਾਰਨ ਹਜ਼ਾਰਾਂ ਨੌਜਵਾਨ ਭਰਤੀਆਂ ਉਡੀਕਦੇ-ਉਡੀਕਦੇ ਉਮਰ ਲੰਘਾ ਬੈਠੇ ਹਨ। ਮਾਸਟਰ ਕੇਡਰ ਵਿੱਚ ਥੋਪੀ ਗਈ 55 ਫੀਸਦੀ ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਵੀ ਜਿਉਂ ਦੀ ਤਿਉਂ ਲਟਕ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਵਿਖੇ ਡੀ.ਸੀ. ਦਫ਼ਤਰ ਦੇ ਗੇਟ ਮੂਹਰੇ ਪਿਛਲੇ ਸਵਾ ਗਿਆਰਾਂ ਮਹੀਨਿਆਂ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਬੇਰੁਜ਼ਗਾਰ ਤਾਂ ਮੋਗਾ ਰੈਲੀ ਵਿੱਚ ਜਾ ਕੇ 'ਲੋਕਾਂ ਦੇ ਮੁੱਖ ਮੰਤਰੀ' ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣਾ ਚਾਹੁੰਦੇ ਸਨ ਪਰ ਸਰਕਾਰ ਨੇ ਉਲਟਾ ਉਨ੍ਹਾਂ ਦੇ ਘਰਾਂ ਵੱਲ ਪੁਲਿਸ ਦੀਆਂ ਧਾੜਾਂ ਭੇਜ ਦਿੱਤੀਆਂ। ਪੁਲਿਸ ਨੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ਦੇ ਘਰੀਂ ਛਾਪੇਮਾਰੀ ਕੀਤੀ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗੇ। ਇਸੇ ਤਰ੍ਹਾਂ ਰਮਨ ਕੁਮਾਰ ਮਲੋਟ ਦੇ ਘਰ ਮੂਹਰੇ ਪੁਲਿਸ ਬਿਠਾ ਦਿੱਤੀ ਗਈ ਅਤੇ ਲਲਿਤਾ ਪਟਿਆਲਾ, ਗੁਰਪ੍ਰੀਤ ਸਿੰਘ ਪੱਕਾ ਕਲਾਂ, ਦਿਲਬਾਗ ਪੰਜਾਵਾ ਤੇ ਰਮਨ ਮੌਜਗੜ੍ਹ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ, ਜਦਕਿ ਨਿਰਮਲ ਵਿੱਕੀ ਮੋਗਾ ਨੂੰ ਦੀਨਾ ਸਾਹਿਬ ਚੌਂਕੀ ਵਿੱਚ ਡੱਕੀ ਰੱਖਿਆ।
ਬੇਰੁਜ਼ਗਾਰਾਂ ਦੀਆਂ ਸਰਕਾਰ ਤੋਂ ਮੰਗਾਂ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ 15,000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਤੁਰੰਤ ਕੱਢੀਆਂ ਜਾਣ, 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ। ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਭਰੀਆਂ ਜਾਣ। ਕੋਰੋਨਾ ਵਲੰਟੀਅਰਾਂ ਨੂੰ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੇ ਰੋਹ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਹੁਣ 29 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਮੋਫ਼ਰ, ਅਮਨਦੀਪ ਕੌਰ ਅਤੇ ਗੁਰਪਿਆਰ ਸਿੰਘ ਆਦਿ ਵੀ ਹਾਜ਼ਰ ਸਨ।