ਪੈਟਰੋਲ ਦੀ ਭਾਰੀ ਕਿੱਲਤ: ਪੰਪਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ, ਗੱਡੀਆਂ ’ਚ ਸਿਰਫ਼ 200 ਰੁਪਏ ਦਾ ਪੈਟਰੋਲ ਪਾਉਣ ਦੀ ਲਿਮਟ ਤੈਅ
ਜ਼ਿਲ੍ਹਾ ਬਰਨਾਲਾ ’ਚ ਪੈਟਰੋਲ ਦੀ ਭਾਰੀ ਕਿੱਲਤ ਕਾਰਨ ਹਾਹਾਕਾਰ ਮੱਚੀ ਹੋਈ ਹੈ। ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਜ਼ਿਆਦਾਤਰ ਪੈਟਰੋਲ ਪੰਪ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Thu, 04 Jun 2026 12:59 PM (IST)
Updated Date: Thu, 04 Jun 2026 01:03 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜ਼ਿਲ੍ਹਾ ਬਰਨਾਲਾ ’ਚ ਪੈਟਰੋਲ ਦੀ ਭਾਰੀ ਕਿੱਲਤ ਕਾਰਨ ਹਾਹਾਕਾਰ ਮੱਚੀ ਹੋਈ ਹੈ। ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੇ ਜ਼ਿਆਦਾਤਰ ਪੈਟਰੋਲ ਪੰਪ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਿਤੀ ਨੂੰ ਕਾਬੂ ਹੇਠ ਰੱਖਣ ਅਤੇ ਸਪਲਾਈ ਨੂੰ ਬਹਾਲ ਰੱਖਣ ਲਈ ਹੁਣ ਪੰਪ ਮਾਲਕਾਂ ਵੱਲੋਂ ਇੱਕ ਨਵਾਂ ਫਾਰਮੂਲਾ ਅਪਣਾਇਆ ਗਿਆ ਹੈ— ਹੁਣ ਕਿਸੇ ਵੀ ਚਾਰ ਪਹੀਆ ਵਾਹਨ (ਕਾਰ/ਗੱਡੀ) ’ਚ ਬੁੱਧਵਾਰ ਨੂੰ 1000 ਰੁਪਏ ਤੋਂ ਵੱਧ ਦਾ ਪੈਟਰੋਲ ਨਹੀਂ ਪਾਇਆ ਜਾ ਰਿਹਾ ਸੀ ਅਤੇ ਵੀਰਵਾਰ ਦਿਨ ਚੜ੍ਹਦੇ ਹੀ ਸਿਰਫ਼ 200 ਦਾ ਤੇਲ ਹੀ ਗੱਡੀਆਂ ’ਚ ਪਾਇਆ ਜਾ ਰਿਹਾ ਸੀ ਤਾਂ ਜੋ ਹਰ ਕਿਸੇ ਨੂੰ ਥੋੜ੍ਹਾ-ਬਹੁਤ ਤੇਲ ਮਿਲ ਸਕੇ।
ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ, ਨੋ-ਸਟਾਕ ਦੇ ਲੱਗੇ ਬੋਰਡ
ਸ਼ਹਿਰ ਦੇ ਮੁੱਖ ਹਾਈਵੇਅ ’ਤੇ ਅੰਦਰੂਨੀ ਬਜ਼ਾਰਾਂ ’ਚ ਸਥਿਤ ਪੈਟਰੋਲ ਪੰਪਾਂ ’ਤੇ ਸਵੇਰ ਤੋਂ ਹੀ ਵਾਹਨਾਂ ’ਚ ਤੇਲ ਪਵਾਉਣ ਵਾਲੇ ਇਕ ਦੂਜੇ ਤੋਂ ਕਾਹਲ ’ਚ ਸਨ। ਕਈ ਪੰਪਾਂ ’ਤੇ ਤੇਲ ਖ਼ਤਮ ਹੋਣ ਕਾਰਨ ‘ਨੋ ਸਟਾਕ’ ਦੇ ਬੋਰਡ ਲਟਕਾ ਦਿੱਤੇ ਗਏ ਹਨ। ਜਿਨ੍ਹਾਂ ਪੰਪਾਂ ’ਤੇ ਥੋੜ੍ਹਾ-ਬਹੁਤ ਸਟਾਕ ਬਚਿਆ ਹੈ, ਉੱਥੇ ਲੋਕਾਂ ਨੂੰ ਨਾ ਮਾਤਰ ਹੀ ਤੇਲ ਪਾਇਆ ਜਾ ਰਿਹਾ ਹੈ।
ਬਰਨਾਲਾ ਹੰਡਿਆਇਆ ਰੋਡ ’ਤੇ ਸਥਿਤ ਨੰਦ ਮੋਟਰਜ ਆਇਲ ਪੰਪ ਦੇ ਕਰਿੰਦਿਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨ ਪੈਟਰੋਲ ਦੀ ਸਪਲਾਈ ਵਾਲੀ ਗੱਡੀ ਪਿੱਛਲੇ ਤੋਂ ਨਹੀਂ ਆ ਰਹੀ, ਜਦ ਗੱਡੀ ਆ ਜਾਵੇਗੀ, ਉਦੋਂ ਤੇਲ ਦੀ ਸਪਲਾਈ ਨਿਰਵਿਘਨ ਕਰ ਦਿੱਤੀ ਜਾਵੇਗੀ।
ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਰੋਜ਼ਾਨਾ ਕੰਮ-ਕਾਰ ’ਤੇ ਜਾਣ ਲਈ ਤੇਲ ਦੀ ਲੋੜ ਹੈ ਪਰ ਪੰਪਾਂ ਵਾਲੇ ਹਜ਼ਾਰ ਰੁਪਏ ਤੋਂ ਵੀ ਘੱਟਕੇ ਸਿਰਫ਼ 200 ਰੁਪਏ ਦਾ ਪੈਟਰੋਲ ਪਾ ਰਹੇ ਹਨ। ਇੰਨੇ ਤੇਲ ਨਾਲ ਤਾਂ ਸਿਰਫ਼ ਇੱਕ-ਦੋ ਦਿਨ ਹੀ ਗੁਜ਼ਾਰਾ ਹੋ ਸਕਦਾ ਹੈ। ਜੇਕਰ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਜ਼ਿੰਦਗੀ ਪੂਰੀ ਤਰ੍ਹਾਂ ਲੀਹ ਤੋਂ ਲਹਿ ਜਾਵੇਗੀ।
ਕਿਉਂ ਪੈਦਾ ਹੋਈ ਇਹ ਕਿੱਲਤ?
ਸੂਤਰਾਂ ਤੇ ਪੈਟਰੋਲ ਪੰਪ ਐਸੋਸੀਏਸ਼ਨ ਮੁਤਾਬਕ, ਇਸ ਕਿੱਲਤ ਦੇ ਪਿੱਛੇ ਮੁੱਖ ਕਾਰਨ ਸਪਲਾਈ ਚੇਨ ਦਾ ਪ੍ਰਭਾਵਿਤ ਹੋਣਾ ਹੈ। ਤੇਲ ਡਿਪੂਆਂ ਤੋਂ ਟੈਂਕਰਾਂ ਦੀ ਆਮਦ ਘੱਟ ਹੋਣ ਕਾਰਨ ਪੰਪਾਂ ਤੱਕ ਲੋੜੀਂਦਾ ਸਟਾਕ ਨਹੀਂ ਪਹੁੰਚ ਰਿਹਾ। ਇਸ ਤੋਂ ਇਲਾਵਾ, ਜਿਵੇਂ ਹੀ ਲੋਕਾਂ ਨੂੰ ਕਿੱਲਤ ਦੀ ਅਫ਼ਵਾਹ ਜਾਂ ਖ਼ਬਰ ਮਿਲੀ, ਉਨ੍ਹਾਂ ਨੇ ਲੋੜ ਤੋਂ ਵੱਧ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੌਜੂਦ ਸਟਾਕ ਵੀ ਮਿੰਟਾਂ-ਸਕਿੰਟਾਂ ’ਚ ਖ਼ਤਮ ਹੋ ਗਿਆ।