ਭੀਖ ਮੰਗਣ ਵਾਲਿਆਂ ਤੋਂ ਲੋਕ ਹੋਏ ਤੰਗ, ਦੁਕਾਨਦਾਰ ਤੇ ਗਾਹਕ ਹੋਏ ਪ੍ਰੇਸ਼ਾਨ; ਗੱਡੀ ਰੁਕਦਿਆਂ ਹੀ ਇਕੱਠੇ ਹੋ ਜਾਂਦੇ ਨੇ ਬੱਚੇ
ਪਿਛਲੇ ਕੁਝ ਸਮੇਂ ਤੋਂ ਮਹਿਲ ਕਲਾਂ ਦੀ ਮਾਰਕੀਟ ’ਚ ਇਹ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਗਾਹਕਾਂ ਨੂੰ ਆਪਣੀ ਗੱਡੀ ਪਾਰਕ ਕਰਕੇ ਦੁਕਾਨ ਤੱਕ ਪਹੁੰਚਣ ਸਮੇਂ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਹੀ ਕੋਈ ਗਾਹਕ ਆਪਣੀ ਗੱਡੀ ਮਾਰਕੀਟ ’ਚ ਰੋਕਦਾ ਹੈ, ਉਸ ਨੂੰ ਦੇਖ ਕੇ ਭੀਖ ਮੰਗਣ ਵਾਲੇ ਬੱਚੇ ਅਤੇ ਕਈ ਵਾਰ ਉਨ੍ਹਾਂ ਦੇ ਮਾਪੇ ਜਾਂ ਹੋਰ ਵਿਅਕਤੀ ਤੁਰੰਤ ਗੱਡੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ।
Publish Date: Mon, 10 Aug 2026 03:37 PM (IST)
Updated Date: Mon, 10 Aug 2026 03:40 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ। ਮਹਿਲ ਕਲਾਂ ਦੀ ਮੁੱਖ ਮਾਰਕੀਟ ਤੇ ਬੱਸ ਸਟੈਂਡ ’ਚ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਉਨ੍ਹਾ ਦੀ ਸਰਗਰਮੀ ਦੁਕਾਨਦਾਰਾਂ ਅਤੇ ਖਰੀਦਦਾਰੀ ਲਈ ਆਉਣ ਵਾਲੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ।
ਪਿਛਲੇ ਕੁਝ ਸਮੇਂ ਤੋਂ ਮਹਿਲ ਕਲਾਂ ਦੀ ਮਾਰਕੀਟ ’ਚ ਇਹ ਸਮੱਸਿਆ ਇਸ ਹੱਦ ਤੱਕ ਵਧ ਗਈ ਹੈ ਕਿ ਗਾਹਕਾਂ ਨੂੰ ਆਪਣੀ ਗੱਡੀ ਪਾਰਕ ਕਰਕੇ ਦੁਕਾਨ ਤੱਕ ਪਹੁੰਚਣ ਸਮੇਂ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਹੀ ਕੋਈ ਗਾਹਕ ਆਪਣੀ ਗੱਡੀ ਮਾਰਕੀਟ ’ਚ ਰੋਕਦਾ ਹੈ, ਉਸ ਨੂੰ ਦੇਖ ਕੇ ਭੀਖ ਮੰਗਣ ਵਾਲੇ ਬੱਚੇ ਅਤੇ ਕਈ ਵਾਰ ਉਨ੍ਹਾਂ ਦੇ ਮਾਪੇ ਜਾਂ ਹੋਰ ਵਿਅਕਤੀ ਤੁਰੰਤ ਗੱਡੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ।
ਗੱਡੀ ’ਚੋਂ ਉਤਰਨ ਵਾਲੇ ਵਿਅਕਤੀ ਨੂੰ ਵਾਰ-ਵਾਰ ਪੈਸੇ ਦੇਣ ਜਾਂ ਖਾਣ-ਪੀਣ ਦੀ ਕੋਈ ਚੀਜ਼ ਲੈ ਕੇ ਦੇਣ ਲਈ ਕਿਹਾ ਜਾਂਦਾ ਹੈ। ਕਈ ਵਾਰ ਤਾਂ ਇੱਕ ਵਿਅਕਤੀ ਦੇ ਪਿੱਛੇ ਕਈ ਕਈ ਬੱਚੇ ਲੱਗ ਜਾਂਦੇ ਹਨ, ਜਿਸ ਕਾਰਨ ਗਾਹਕ ਬਹੁਤ ਪ੍ਰੇਸਾਨ ਹੋ ਜਾਂਦੇ ਹਨ।
‘ਨਾ ਨਾ’ ਕਹਿਣ ’ਤੇ ਵੀ ਪਿੱਛਾ ਨਹੀਂ ਛੱਡਦੇ
ਮਾਰਕੀਟ ’ਚ ਖਰੀਦਦਾਰੀ ਕਰਨ ਆਉਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਲੋੜਵੰਦ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਜ਼ਰੂਰ ਕਰਦੇ ਹਨ ਪਰ ਜਦੋਂ ਕਿਸੇ ਵਿਅਕਤੀ ਨੂੰ ਘੇਰ ਕੇ ਵਾਰ-ਵਾਰ ਪੈਸੇ ਜਾਂ ਕੋਈ ਚੀਜ਼ ਦੇਣ ਲਈ ਮਜਬੂਰ ਕੀਤਾ ਜਾਵੇ ਤਾਂ ਇਹ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਜੇਕਰ ਕੋਈ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰ ਦੇਵੇ ਜਾਂ ਕੋਈ ਚੀਜ਼ ਦੇਣ ਤੋਂ ਮਨ੍ਹਾ ਕਰੇ ਤਾਂ ਇਹ ਬੱਚੇ ਉਸਨੂੰ ਬੁਰਾ ਭਲਾ ਬੋਲਦੇ ਹਨ।
ਦੁਕਾਨਦਾਰਾਂ ਨੂੰ ਵੀ ਕਾਰੋਬਾਰ ਪ੍ਰਭਾਵਿਤ ਹੋਣ ਡਰ
ਇਸ ਸਬੰਧੀ ਅਨਮੋਲ ਬਰਤਨ ਸਟੋਰ ਦੇ ਮਾਲਕ ਜਸਵੰਤ ਸਿੰਘ ਲਾਲੀ, ਜਸ ਸਟੂਡੀਓ ਮਹਿਲ ਕਲਾਂ ਦੇ ਐੱਮਡੀ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਭੀਖ ਮੰਗਣ ਤੱਕ ਸੀਮਤ ਨਹੀਂ ਰਹੀ। ਜਦੋਂ ਦੁਕਾਨ ਦੇ ਬਾਹਰ ਗਾਹਕਾਂ ਨੂੰ ਘੇਰਿਆ ਜਾਂਦਾ ਹੈ ਜਾਂ ਬੱਚੇ ਵਾਰ-ਵਾਰ ਦੁਕਾਨ ਦੇ ਅੰਦਰ-ਬਾਹਰ ਆਉਂਦੇ ਹਨ ਤਾਂ ਇਸ ਨਾਲ ਦੁਕਾਨਦਾਰਾਂ ਨੂੰ ਵੀ ਮੁਸ਼ਕਲ ਆਉਂਦੀ ਹੈ। ਬਾਹਰੋਂ ਆਉਣ ਵਾਲੇ ਗਾਹਕ ਅਜਿਹੀ ਸਥਿਤੀ ਦੇਖ ਕੇ ਕਈ ਵਾਰ ਬਹੁਤ ਪਰੇਸ਼ਾਨ ਹੋ ਜਾਂਦੇ ਹਨ।
ਬੱਚਿਆਂ ਦਾ ਭਵਿੱਖ ਵੀ ਚਿੰਤਾ ਦਾ ਵਿਸ਼ਾ
ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਵੀ ਹੈ ਕਿ ਭੀਖ ਮੰਗਣ ਵਾਲਿਆਂ ’ਚ ਵੱਡੀ ਗਿਣਤੀ ਬੱਚਿਆਂ ਦੀ ਹੈ। ਜੇਕਰ ਇਹ ਬੱਚੇ ਸਕੂਲ ਜਾਣ ਅਤੇ ਪੜ੍ਹਾਈ ਕਰਨ ਦੀ ਉਮਰ ’ਚ ਸੜਕਾਂ ’ਤੇ ਭੀਖ ਮੰਗ ਰਹੇ ਹਨ ਤਾਂ ਇਹ ਸਿਰਫ਼ ਮਾਰਕੀਟ ਦੀ ਸਮੱਸਿਆ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਤੇ ਬਾਲ ਸੁਰੱਖਿਆ ਨਾਲ ਜੁੜਿਆ ਮਾਮਲਾ ਵੀ ਹੈ।
ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਸਿਰਫ਼ ਭੀਖ ਮੰਗਣ ਵਾਲਿਆਂ ਨੂੰ ਮਾਰਕੀਟ ’ਚੋਂ ਹਟਾਉਣ ਤੱਕ ਸੀਮਤ ਨਾ ਰਹਿਣ, ਸਗੋਂ ਇਹ ਵੀ ਪਤਾ ਲਗਾਇਆ ਜਾਵੇ ਕਿ ਬੱਚੇ ਕਿੱਥੋਂ ਆ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਸਥਿਤੀ ਕੀ ਹੈ ਅਤੇ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਇਸ ਮਸਲੇ ਪੱਕਾ ਹੱਲ ਕਰੇ : ਪ੍ਰਧਾਨ ਗਗਨ ਸਰਾਂ
ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹਿਲ ਕਲਾਂ ਦੀ ਮਾਰਕੀਟ ’ਚ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਜੇਕਰ ਕੋਈ ਪਰਿਵਾਰ ਆਰਥਿਕ ਤੌਰ ’ਤੇ ਭੀਖ ਮੰਗਣ ਲਈ ਮਜ਼ਬੂਰ ਹੈ ਤਾਂ ਉਸ ਨੂੰ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਿਆ ਜਾਵੇ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਕਦਮ ਚੁੱਕੇ ਜਾਣ।
ਲੋੜਵੰਦ ਲੋਕਾਂ ਦੀ ਮਦਦ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ ਪਰ ਕਿਸੇ ਰਾਹਗੀਰ ਜਾਂ ਗਾਹਕ ਨੂੰ ਘੇਰ ਕੇ ਜਾਂ ਦਬਾਅ ਪਾ ਕੇ ਪੈਸੇ ਲੈਣਾ ਇੱਕ ਗੰਭੀਰ ਸਮੱਸਿਆ ਹੈ। ਪ੍ਰਸ਼ਾਸਨ ਨੂੰ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਤੇ ਪਰਿਵਾਰਾਂ ਦੀ ਅਸਲ ਸਥਿਤੀ ਨੂੰ ਸਮਝਦਿਆਂ ਅਜਿਹਾ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਮਾਰਕੀਟ ’ਚ ਆਮ ਲੋਕਾਂ ਨੂੰ ਰਾਹਤ ਮਿਲੇ ਤੇ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਸਕੇ।