ਬਰਨਾਲਾ ’ਚ ਸਰਕਾਰੀ ਰਸਤਾ ਬੰਦ ਕਰਨ ’ਤੇ ਭੜਕੇ ਲੋਕ ਬਰਨਾਲਾ 'ਚ ਸਰਕਾਰੀ ਰਸਤਾ ਬੰਦ ਕਰਨ 'ਤੇ ਭੜਕੇ ਲੋਕ
Publish Date: Sun, 20 Sep 2026 06:37 PM (IST)
Updated Date: Mon, 21 Sep 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਭਾਜਪਾ ਦੇ ਪ੍ਰਧਾਨ ਦੀ ਕੋਠੀ ਵਾਲੀ ਕਾਲੋਨੀ ’ਚ ਸਰਕਾਰੀ ਰਸਤਾ ਰੋਕਣ ਨੂੰ ਲੈ ਕੇ ਮਾਮਲਾ ਕਾਫ਼ੀ ਗਰਮਾ ਗਿਆ ਹੈ। ਸਰਕਾਰੀ ਰਾਹ ਡੱਕ ਕੇ ਲਾਏ ਗਏ ਗੇਟ ਵਿਰੁੱਧ ਇਲਾਕਾ ਨਿਵਾਸੀਆਂ ਨੇ ਬੱਚਿਆਂ ਤੇ ਔਰਤਾਂ ਸਮੇਤ ਰਾਤੋ-ਰਾਤ ਧਰਨਾ ਲਗਾ ਦਿੱਤਾ ਤੇ ਉਕਤ ਗੇਟ ਨੂੰ ਪੁੱਟ ਕੇ ਵਗਾਹ ਮਾਰਿਆ। ਜਾਣਕਾਰੀ ਅਨੁਸਾਰ, ਸਰਕਾਰੀ ਰਾਹ ਬੰਦ ਹੋਣ ਤੋਂ ਦੁਖੀ ਮਹੱਲਾ ਵਾਸੀਆਂ ਨੇ ਹਰਦੀਪ ਸਿੰਘ ਤੇ ਸਰਕਾਰੀ ਅਧਿਆਪਕ ਤੇਜੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਸਰਕਾਰ ਤੇ ਕਲੋਨਾਈਜ਼ਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੇਰ ਰਾਤ ਖ਼ੁਦ ਹੀ ਗੇਟ ਪੁੱਟ ਕੇ ਆਵਾਜਾਈ ਲਈ ਸਰਕਾਰੀ ਰਸਤਾ ਬਹਾਲ ਕਰਵਾਇਆ। --ਕਮੇਟੀ ਦੇ ਕਰੋੜਾਂ ਰੁਪਏ ਦੇਣਦਾਰ ਹੈ ਅਣ-ਅਧਿਕਾਰਤ ਕਾਲੋਨੀ ਮਹੱਲਾ ਵਾਸੀਆਂ ਨੇ ਦੱਸਿਆ ਕਿ ਗੁਰਦੇਵ ਨਗਰ ਤੋਂ ਲੰਘਦਾ ਇਹ ਸਰਕਾਰੀ ਰਸਤਾ ‘ਐਵਰ ਗ੍ਰੀਨ ਕਾਲੋਨੀ’ ਦੇ ਵਿਚਕਾਰੋਂ ਹੁੰਦਾ ਹੋਇਆ ਨਾਨਕਸਰ ਰੋਡ ਵੱਲ ਨਿਕਲਦਾ ਹੈ। ‘ਐਵਰ ਗ੍ਰੀਨ’ ਇੱਕ ਅਣ-ਅਧਿਕਾਰਤ ਕਾਲੋਨੀ ਹੈ, ਜਿਸ ਨੇ ਬਰਨਾਲਾ ਨਗਰ ਨਿਗਮ ਦੇ ਕਰੋੜਾਂ ਰੁਪਏ ਬਕਾਇਆ ਦੇਣੇ ਹਨ। ਜਿਸ ਸਬੰਧੀ ਨਗਰ ਕੌਂਸਲ ਬਰਨਾਲਾ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਬਾਰ-ਬਾਰ ਲਿਖਤੀ ਨੋਟਸ ਕੱਢ ਰਹੀ ਹੈ। ਗੌਰ ਹੋਵੇ ਕਿ ਕਾਲੋਨਾਈਜ਼ਰਾਂ ਵੱਲੋਂ ਇਸ ਕਾਲੋਨੀ ਦੀਆਂ ਸੜਕਾਂ ਦੀ ਰਜਿਸਟਰੀ ਨਗਰ ਕੌਂਸਲ ਬਰਨਾਲਾ ਦੇ ਨਾਮ ਮੁੱਢੋਂ ਹੀ ਕੀਤੀ ਹੋਈ ਹੈ। ਕੈਦ ਕਰਤਾ ਕੋਲ ਕਾਲੋਨੀ ਤੇ ਕਲੋਨੀ ਮਾਲਕਾਂ ਖ਼ਿਲਾਫ਼ ਨਗਰ ਕੌਂਸਲ ਵੱਲੋਂ ਵਾਰ-ਵਾਰ ਕੱਢੇ ਨੋਟਿਸਾਂ ਦਾ ਜਿੱਥੇ ਥੱਬਾ ਹੈ ਉਥੇ ਹੀ ਕਾਲੋਨੀ ਚ ਲੋਕਾਂ ਦੀ ਸੁਵਿਧਾ ਲਈ ਕੋਈ ਸਹੂਲਤ ਨਾ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ। --ਕਾਲੋਨਾਈਜ਼ਰ ਕੋਲ ਗੇਟ ਲਗਾਉਣ ਦਾ ਕੋਈ ਹੱਕ ਨਹੀਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਾਲੋਨੀ ਮਾਲਕ ਕੋਲ ਅਜਿਹੀ ਕੋਈ ਅਥਾਰਿਟੀ ਜਾਂ ਸਰਕਾਰੀ ਮਨਜ਼ੂਰੀ ਨਹੀਂ ਹੈ ਕਿ ਉਹ ਆਮ ਲੋਕਾਂ ਦਾ ਸਰਕਾਰੀ ਰਾਹ ਰੋਕ ਕੇ ਗੇਟ ਬੰਦ ਕਰ ਸਕੇ। ਉਸ ਨੇ ਨਾਜਾਇਜ਼ ਤੌਰ ਤੇ ਗੇਟ ਲਗਾ ਕੇ ਧੱਕੇਸ਼ਾਹੀ ਨਾਲ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਇਲਾਕਾ ਨਿਵਾਸੀ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦੇਣਗੇ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। --ਅਧਿਕਾਰੀਆਂ ਨੇ ਨਹੀਂ ਚੁੱਕਿਆ ਫ਼ੋਨ, ਹਾਈਵੇਅ ਜਾਮ ਕਰਨ ਦੀ ਚੇਤਾਵਨੀ ਪੀੜਤ ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਮਸਲੇ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਬਾਰ-ਬਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਵੀ ਅਧਿਕਾਰੀ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਦਾ ਜਲਦ ਪੱਕਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਪੂਰੇ ਪਰਿਵਾਰ ਹਾਈਵੇਅ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਤਿੱਖਾ ਧਰਨਾ ਦੇਣ ਲਈ ਮਜ਼ਬੂਰ ਹੋਣਗੇ।