ਪੈਨਸ਼ਨ ਨਾ ਮਿਲਣ ’ਤੇ ਪੈਨਸ਼ਨ ਧਾਰਕਾਂ ਨੇ ਕੀਤਾ ਰੋਸ ਪ੍ਰਗਟ
ਪੈਨਸ਼ਨ ਨਾ ਮਿਲਣ ’ਤੇ ਪੈਨਸ਼ਨ ਧਾਰਕਾਂ ਨੇ ਕੀਤਾ ਰੋਸ ਪ੍ਰਗਟ
Publish Date: Wed, 28 Jan 2026 06:29 PM (IST)
Updated Date: Wed, 28 Jan 2026 06:31 PM (IST)

ਤਪਾ ਮੰਡੀ : ਪੈਨਸ਼ਨ ਨਾ ਮਿਲਣ ’ਤੇ ਪੈਨਸ਼ਨ ਧਾਰਕਾਂ ਵੱਲੋਂ ਰੋਸ ਪ੍ਰਗਟ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਰੋਸ ਪ੍ਰਗਟ ਕਰਦਿਆਂ ਪੈਨਸ਼ਨ ਧਾਰਕਾਂ ਨੇ ਮੱਖਣ ਸਿੰਘ, ਬਲਵੀਰ ਕੌਰ, ਬੇਅੰਤ ਸਿੰਘ, ਗਿਆਨ ਸਿੰਘ, ਜੰਗੀਰ ਕੌਰ, ਆਸ਼ਾ ਰਾਣੀ, ਗੁਰਲਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜਨਵਰੀ ਮਹੀਨੇ ਦੀਆਂ ਅੰਗਹੀਣਾਂ, ਵਿਧਵਾਵਾਂ ਅਤੇ ਬਜ਼ੁਰਗਾਂ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਸਮੇਂ ਸਿਰ ਜਾਰੀ ਨਾ ਕਰਨ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉੰਕਿ ਪੈਨਸ਼ਨ ਉਨ੍ਹਾਂ ਦੀ ਆਮਦਨ ਦਾ ਇਕੋ-ਇੱਕ ਸਹਾਰਾ ਹੈ, ਜਿਸ ਨਾਲ ਉਹ ਦਵਾਈਆਂ, ਰਾਸ਼ਨ ਅਤੇ ਘਰੇਲੂ ਖ਼ਰਚੇ ਪੂਰੇ ਕਰਦੇ ਹਨ। ਕਈ ਬਜ਼ੁਰਗਾਂ ਅਤੇ ਵਿਧਵਾਵਾਂ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਮੌਜੂਦਾ ਪੈਨਸ਼ਨ ਰਕਮ ਬਿਲਕੁਲ ਨਾਕਾਫ਼ੀ ਹੈ, ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ। ਰੋਸ ਦੌਰਾਨ ਪੈਨਸ਼ਨ ਧਾਰਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੈਨਸ਼ਨ ਦੀ ਰਕਮ ਪੰਦਰਾਂ ਸੌ ਰੁਪਏ ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਹਾਲੇ ਤਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਗਏ ਹਨ। ਪੈਨਸ਼ਨ ਧਾਰਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਰਾਜ ਦੀ ਤਰਜ਼ ’ਤੇ ਪੈਨਸ਼ਨਾਂ ’ਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਘੱਟੋ-ਘੱਟ ਪੈਨਸ਼ਨ ਤਿੰਨ ਹਜ਼ਾਰ ਤੋਂ ਸਾਢੇ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਨਾਲ ਹੀ ਜਨਵਰੀ ਮਹੀਨੇ ਦੀ ਬਕਾਇਆ ਪੈਨਸ਼ਨ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਦੋਂ ਡੀਐੱਸਐੱਸਓ ਦਫ਼ਤਰ ਦੇ ਇੱਕ ਅਧਿਕਾਰੀ ਨਾਲ ਪੈਨਸ਼ਨ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਖਾਤਿਆਂ ’ਚ ਪੈਨਸ਼ਨਾਂ ਪਾ ਦਿੱਤੀਆਂ ਹਨ, ਸ਼ਾਮ ਤਕ ਆ ਜਾਣਗੀਆਂ।