- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਵੱਲੋਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਪੂਰੇ ਪੰਜਾਬ ਦੀ ਰਾਜਨੀਤੀ ਤਪ ਚੁੱਕੀ ਹੈ। ਮਾਮਲਾ ਗਰਮਾਉਂਦਾ ਵੇਖ ਵੱਖ-ਵੱਖ ਧਿਰਾਂ ਦੇ ਆਗੂ ਮਾਨਸਾ ਵੱਲ ਵਹੀਰਾਂ ਘੱਤ ਰਹੇ ਹਨ।

ਯਾਦਵਿੰਦਰ ਸਿੰਘ ਭੁੱਲਰ,ਪੰਜਾਬੀ ਜਾਗਰਣ, ਬਰਨਾਲਾ : ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਵੱਲੋਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਪੂਰੇ ਪੰਜਾਬ ਦੀ ਰਾਜਨੀਤੀ ਤਪ ਚੁੱਕੀ ਹੈ। ਮਾਮਲਾ ਗਰਮਾਉਂਦਾ ਵੇਖ ਵੱਖ-ਵੱਖ ਧਿਰਾਂ ਦੇ ਆਗੂ ਮਾਨਸਾ ਵੱਲ ਵਹੀਰਾਂ ਘੱਤ ਰਹੇ ਹਨ। ਦੂਜੇ ਪਾਸੇ ਮਾਹੌਲ ਖ਼ਰਾਬ ਹੋਣ ਦੇ ਡਰੋਂ ਪੰਜਾਬ ਪੁਲਿਸ ਨੇ ਵੀ ਪੂਰੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਬੁੱਧਵਾਰ ਤੜਕੇ ਜਦੋਂ ਬਰਨਾਲਾ ਪੁਲਿਸ ਨੂੰ ਭਿਣਕ ਲੱਗੀ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ ਆਪਣੇ ਸਾਥੀਆਂ ਸਮੇਤ ਮਾਨਸਾ ਧਰਨੇ ’ਚ ਸ਼ਾਮਲ ਹੋਣ ਲਈ ਤਿਆਰੀ ਕਰ ਰਹੇ ਹਨ, ਤਾਂ ਪੁਲਿਸ ਨੇ ਹਿੱਲਜੁਲ ਹੁੰਦਿਆਂ ਦਿਨ ਚੜ੍ਹਦੇ ਹੀ ਬਾਠ ਨੂੰ ਉਨ੍ਹਾਂ ਦੇ ਘਰੋਂ ਚੁੱਕ ਕੇ ਹਿਰਾਸਤ ’ਚ ਲੈ ਲਿਆ। ਇਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਗੁੱਸੇ ਵਿੱਚ ਆਏ ਸਮਰਥਕਾਂ ਨੇ ਐੱਸ.ਐੱਸ.ਪੀ. ਦਫ਼ਤਰ ਪੁੱਜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਸਵੇਰੇ 6:30 ਵਜੇ ਦੋ ਗੱਡੀਆਂ ’ਚ ਆਏ ਤੇ ਚੁੱਕ ਕੇ ਲੈ ਗਏ : ਪਰਿਵਾਰ
ਗੁਰਦੀਪ ਬਾਠ ਦੀ ਧਰਮਪਤਨੀ ਨਵਦੀਪ ਕੌਰ ਬਾਠ ਤੇ ਮਾਤਾ ਰਘਵੀਰ ਕੌਰ ਨੇ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਸਵੇਰੇ ਤਕਰੀਬਨ ਸਾਢੇ ਛੇ ਵਜੇ ਦਾ ਵੇਲਾ ਸੀ, ਜਦੋਂ ਬਰਨਾਲਾ ਪੁਲਿਸ ਦੀਆਂ ਦੋ ਗੱਡੀਆਂ ਘਰ ਅੱਗੇ ਆ ਕੇ ਰੁਕੀਆਂ। ਪੁਲਿਸ ਵਾਲਿਆਂ ਨੇ ਗੇਟ ਖੁਲ੍ਹਵਾਇਆ, ਬਾਠ ਨਾਲ ਥੋੜ੍ਹੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਬਾਠ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਆਖਿਆ ਕਿ ਪੰਜਾਬ ਸਰਕਾਰ ਹੁਣ ਧੱਕੇਸ਼ਾਹੀ 'ਤੇ ਉੱਤਰ ਆਈ ਹੈ ਅਤੇ ਸਰਕਾਰ ਹੱਕ-ਸੱਚ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਦਬਾਉਣ ਲਈ ਪੁਲਿਸ ਦੀ ਵਰਤੋਂ ਕਰ ਰਹੀ ਹੈ।
ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ’ਚ ਆਈ ਸੀ ਪੁਲਿਸ: ਸਮਰਥਕ
ਬਾਠ ਨੂੰ ਚੁੱਕਣ ਦੀ ਖ਼ਬਰ ਫੈਲਦਿਆਂ ਹੀ ਵਰਕਰਾਂ ਦਾ ਗੁੱਸਾ ਭੜਕ ਗਿਆ। ਆਗੂ ਅਮਨ ਮਾਂਗੇਵਾਲ, ਲਖਵੀਰ ਸਿੰਘ ਸਹਿਣਾ, ਹਰਜੀਤ ਸਿੰਘ ਖਿਆਲੀ ਮਹਿਲ ਕਲਾਂ ਅਤੇ ਜੋਧਾ ਸੇਖਾ ਦੀ ਅਗਵਾਈ ਹੇਠ ਇਕੱਠੇ ਹੋਏ ਸਮਰਥਕਾਂ ਨੇ ਐੱਸ.ਐੱਸ.ਪੀ. ਦਫ਼ਤਰ ਘੇਰ ਲਿਆ। ਆਗੂਆਂ ਨੇ ਦੱਸਿਆ ਕਿ ਜਿਹੜੇ ਪੁਲਿਸੀਏ ਬਾਠ ਨੂੰ ਚੁੱਕਣ ਆਏ ਸਨ, ਉਨ੍ਹਾਂ ਨੇ ਆਪਣੀ ਕੋਈ ਪਛਾਣ ਨਹੀਂ ਦੱਸੀ ਅਤੇ ਗੱਡੀ ਉੱਤੇ ਵੀ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ।
ਸਮਰਥਕਾਂ ਨੇ ਐੱਸਐੱਸਪੀ, ਏ.ਡੀ.ਸੀ. (ਜਨਰਲ) ਅਤੇ ਐੱਸਪੀਡੀ ਨਾਲ ਮੁਲਾਕਾਤ ਕਰਕੇ ਆਪਣਾ ਰੋਸ ਜਤਾਇਆ, ਜਿਸ ਤੋਂ ਬਾਅਦ ਐੱਸਪੀਡੀ ਨੇ ਉਨ੍ਹਾਂ ਦੀ ਬਾਠ ਨਾਲ ਗੱਲਬਾਤ ਕਰਵਾਈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਹੁਣ ਅੰਤ ਨੇੜੇ ਆ ਗਿਆ ਹੈ, ਜਿਸ ਕਰਕੇ ਇਹ ਅਜਿਹੀਆਂ ਧੱਕੇਸ਼ਾਹੀਆਂ ਕਰ ਰਹੀ ਹੈ, ਪਰ ਉਹ ਇਸ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਣਗੇ।