- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਜੀਤ ਮਾਨ ਨੂੰ ਕਥਾਕਾਰ ਮੰਚ ਪੰਜਾਬ ਵੱਲੋਂ 2026 ਦਾ ਲਾਈਫ ਟਾਈਮ ਅਚੀਵਮੈਂਟ ਸਨਮਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਕਥਾਕਾਰ ਮੰਚ ਪੰਜਾਬ ਵੱਲੋਂ ਸਾਲ 2026 ਦਾ ਲਾਈਫ ਟਾਈਮ ਅਚੀਵਮੈਂਟ ਸਨਮਾਨ ਉੱਘੇ ਪੰਜਾਬੀ ਲੇਖਕ ਪਰਮਜੀਤ ਮਾਨ ਨੂੰ ਦਿੱਤਾ ਜਾਵੇਗਾ। ਸਾਹਿਤ ਦੇ ਖੇਤਰ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਸਾਹਿਤਕਾਰਾਂ ਅਤੇ ਵੱਖ-ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨੇ ਪਰਮਜੀਤ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ ਹਨ। ਪਰਮਜੀਤ ਮਾਨ ਨੇ ‘ਸਮੁੰਦਰ ਦਾ ਆਦਮੀ’, ‘ਰੇਤ ਦੇ ਘਰ’ ਅਤੇ ‘ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਵਰਗੀਆਂ ਵੱਡਮੁੱਲੀਆਂ ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਕਹਾਣੀ ਤੋਂ ਇਲਾਵਾ ਕਵਿਤਾ, ਅਨੁਵਾਦ ਅਤੇ ਵਾਰਤਕ ਦੇ ਖੇਤਰ ਵਿੱਚ ਵੀ ਆਪਣੀ ਕਲਮ ਚਲਾਈ ਹੈ। ਪੰਜਾਬੀ ਸਾਹਿਤ ਵਿੱਚ ਸਮੁੰਦਰ ਅਤੇ ਜਹਾਜ਼ੀ ਕਾਮਿਆਂ ਦੀ ਜ਼ਿੰਦਗੀ ਨੂੰ ਸਾਹਿਤ ਦਾ ਵਿਸ਼ਾ ਬਣਾਉਣ ਵਾਲੇ ਉਹ ਪਹਿਲੇ ਲੇਖਕ ਹਨ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਜਹਾਜ਼ੀ ਕਾਮਿਆਂ ਦੇ ਜੀਵਨ, ਸੰਘਰਸ਼ ਅਤੇ ਮਨ ਦੀਆਂ ਗਹਿਰਾਈਆਂ ਨੂੰ ਬੜੀ ਸੂਖਮਤਾ ਨਾਲ ਪੇਸ਼ ਕੀਤਾ ਗਿਆ ਹੈ। ਪਰਮਜੀਤ ਮਾਨ ਨੇ ਭਾਵੇਂ ਘੱਟ ਲਿਖਿਆ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਾਹਿਤਕ ਪੱਖੋਂ ਮਿਆਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਕਈ ਮਿਆਰੀ ਸੰਪਾਦਿਤ ਪੁਸਤਕਾਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ ਅਤੇ ਹਿੰਦੀ ਤੇ ਉੜੀਆ ਭਾਸ਼ਾ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਦੀ ਪੁਸਤਕ ‘ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ)’ ਨੂੰ ਹਿੰਦੀ ਦੇ ਪ੍ਰਸਿੱਧ ਪ੍ਰਕਾਸ਼ਨ ਘਰ ਰਾਜਕਮਲ ਪਬਲਿਸ਼ਰਜ਼ ਵੱਲੋਂ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਪੁਸਤਕ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਅਤੇ ਸਿਰਸਾ ਨਾਲ ਸਬੰਧਤ ਪਾਠਕ੍ਰਮ ਦਾ ਹਿੱਸਾ ਵੀ ਬਣੀ ਹੈ। ਇਸ ਸਮੇਂ ਉਹ ਪੰਜਾਬੀ ਸੰਗਤ, ਚੰਡੀਗੜ੍ਹ ਦੇ ਕਨਵੀਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸਾਹਿਤਕਾਰਾਂ ਨੇ ਕਿਹਾ ਕਿ ਪਰਮਜੀਤ ਮਾਨ ਨੂੰ ਮਿਲਣ ਵਾਲਾ ਇਹ ਸਨਮਾਨ ਉਨ੍ਹਾਂ ਦੀ ਲੰਮੀ ਸਾਹਿਤਕ ਸੇਵਾ ਅਤੇ ਵਿਲੱਖਣ ਰਚਨਾਤਮਕ ਯੋਗਦਾਨ ਦੀ ਮਾਨਤਾ ਹੈ। ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਹਾਕਮ ਸਿੰਘ ਰੂੜੇਕੇ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਪਵਨ ਪਰਿੰਦਾ, ਬੂਟਾ ਸਿੰਘ ਚੌਹਾਨ, ਤੇਜਿੰਦਰ ਚੰਡਿਹੋਕ, ਭੋਲਾ ਸਿੰਘ ਸੰਘੇੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਗਿਆਨੀ ਕਰਮ ਸਿੰਘ ਭੰਡਾਰੀ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਡਾ. ਭੁਪਿੰਦਰ ਸਿੰਘ ਬੇਦੀ, ਬਘੇਲ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਭੁੱਲਰ, ਰਾਮ ਸਿੰਘ ਬੀਹਲਾ, ਡਾ. ਉਜਾਗਰ ਸਿੰਘ ਮਾਨ, ਸ਼ਿੰਦਰ ਧੌਲਾ,ਡਾ. ਤਰਸਪਾਲ ਕੌਰ, ਡਾ. ਹਰਪ੍ਰੀਤ ਕੌਰ ਰੂਬੀ ਸਮੇਤ ਹੋਰਨਾਂ ਨੇ ਪਰਮਜੀਤ ਮਾਨ ਨੂੰ ਮੁਬਾਰਕਬਾਦ ਦਿੱਤੀ।