ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਸਕੂਲਾਂ 'ਚ ਅਧਿਆਪਕਾਂ ਦੀ ਘਾਟ ਤੋਂ ਭੜਕੇ ਪਿੰਡ ਵਾਸੀ; ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ 'ਤ ਪੈਂਦੇ ਪਿੰਡ ਕਲਾਲਾ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਲੈ ਕੇ ਵਿਵਾਦ ਕਾਫ਼ੀ ਭਖ ਗਿਆ ਹੈ। ਸਕੂਲਾਂ 'ਚ ਅਧਿਆਪਕਾਂ ਦੀ ਘਾਟ ਦਾ ਦੋਸ਼ ਲਾਉਂਦਿਆਂ ਬੱਚਿਆਂ ਦੇ ਮਾਪਿਆਂ, ਪਿੰਡ ਵਾਸੀਆਂ ਤੇ ਜਥੇਬੰਦੀ ਆਗੂਆਂ ਨੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਖਾਲੀ ਪੋਸਟਾਂ ਤੁਰੰਤ ਭਰਨ ਦੀ ਮੰਗ ਕੀਤੀ।
Publish Date: Tue, 25 Aug 2026 08:39 AM (IST)
Updated Date: Tue, 25 Aug 2026 08:41 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ 'ਤ ਪੈਂਦੇ ਪਿੰਡ ਕਲਾਲਾ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਲੈ ਕੇ ਵਿਵਾਦ ਕਾਫ਼ੀ ਭਖ ਗਿਆ ਹੈ। ਸਕੂਲਾਂ 'ਚ ਅਧਿਆਪਕਾਂ ਦੀ ਘਾਟ ਦਾ ਦੋਸ਼ ਲਾਉਂਦਿਆਂ ਬੱਚਿਆਂ ਦੇ ਮਾਪਿਆਂ, ਪਿੰਡ ਵਾਸੀਆਂ ਤੇ ਜਥੇਬੰਦੀ ਆਗੂਆਂ ਨੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਖਾਲੀ ਪੋਸਟਾਂ ਤੁਰੰਤ ਭਰਨ ਦੀ ਮੰਗ ਕੀਤੀ।
'ਅਧਿਆਪਕਾਂ ਤੋਂ ਬਿਨਾਂ ਕਿਹੋ ਜਿਹੀ ਸਿੱਖਿਆ ਕ੍ਰਾਂਤੀ?' ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਕੀਤੇ ਇਸ ਰੋਸ ਪ੍ਰਦਰਸ਼ਨ ਦੌਰਾਨ ਪਿੰਡ ਵਾਸੀਆਂ ਨੇ ਆਖਿਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ 'ਚ ਲੋੜੀਂਦੇ ਅਧਿਆਪਕਾਂ ਦੀ ਤਾਇਨਾਤੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਧਿਆਪਕ ਹੀ ਨਹੀਂ ਹੋਣਗੇ ਤਾਂ ਪੜ੍ਹਾਈ ਦਾ ਸੁਚੱਜਾ ਪ੍ਰਬੰਧ ਕਿਵੇਂ ਹੋ ਸਕਦਾ ਹੈ?
ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਿੰਡਾਂ ਦੇ ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਮਾਇੰਦਿਆਂ ਨੂੰ ਸੋਸ਼ਲ ਮੀਡੀਆ 'ਤੇ ਕਰ ਰਹੇ ਪ੍ਰਚਾਰ ਨੂੰ ਛੱਡ ਕੇ ਸਕੂਲਾਂ ਦੀਆਂ ਜ਼ਮੀਨੀ ਸਮੱਸਿਆਵਾਂ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਵਿਦਿਆਰਥੀ ਉਡੀਕ ਰਹੇ ਅਧਿਆਪਕਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ 'ਚ ਕੁੱਲ 46 ਵਿਦਿਆਰਥੀਆਂ ਲਈ ਮਨਜ਼ੂਰਸ਼ੁਦਾ 3 ਅਸਾਮੀਆਂ ਵਿੱਚੋਂ 1 ਅਸਾਮੀ ਖਾਲੀ ਹੈ। ਜਦ ਕਿਸਰਕਾਰੀ ਮਿਡਲ ਸਕੂਲ 'ਚ ਕੁੱਲ 33 ਵਿਦਿਆਰਥੀਆਂ ਲਈ ਮਨਜ਼ੂਰਸ਼ੁਦਾ 4 ਅਸਾਮੀਆਂ 'ਚੋਂ 3 ਅਸਾਮੀਆਂ ਖਾਲੀ ਹਨ ਤੇ ਸਿਰਫ਼ 1 ਅਧਿਆਪਕ ਤਾਇਨਾਤ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਅਧਿਆਪਕ ਘੱਟ ਹੋਣ ਕਰਕੇ ਤਿੰਨ-ਤਿੰਨ ਕਲਾਸਾਂ ਦੇ ਬੱਚਿਆਂ ਨੂੰ ਇੱਕਠੇ ਬਿਠਾ ਕੇ ਪੜ੍ਹਾਉਣਾ ਪੈ ਰਿਹਾ ਹੈ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਤੇ ਮੌਜੂਦਾ ਅਧਿਆਪਕਾਂ 'ਤੇ ਵੀ ਵਾਧੂ ਬੋਝ ਪੈ ਰਿਹਾ ਹੈ।
ਪੰਚਾਇਤ ਨੇ ਮਤਾ ਪਾ ਕੇ ਰੱਖਿਆ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਬੀਰ ਸਿੰਘ ਸਹੋਤਾ ਨੇ ਪ੍ਰਾਇਮਰੀ ਸਕੂਲ 'ਚ ਅਧਿਆਪਕਾਂ ਦੀ ਘਾਟ ਤੋਂ ਇਨਕਾਰ ਕਰਦਿਆਂ ਦੱਸਿਆ ਕਿ 3 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ 2 ਅਧਿਆਪਕ ਸਰਕਾਰੀ ਹਨ ਤੇ 1 ਅਧਿਆਪਕ ਪੰਚਾਇਤ ਵੱਲੋਂ ਮਤਾ ਪਾ ਕੇ ਰੱਖਿਆ ਗਿਆ ਹੈ। ਇਸ ਲਈ ਪ੍ਰਾਇਮਰੀ ਸਕੂਲ 'ਚ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ।
ਅਧਿਆਪਕ ਐਸ ਆਰ 'ਚ ਰੁੱਝੇ : ਡੀਈਓ ਜ਼ਿਲ੍ਹਾ ਸਿੱਖਿਆ ਅਫ਼ਸਰ ਸਨੀਤਇੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਆਪਕਾਂ ਦੀਆਂ ਡਿਊਟੀਆਂ ਐਸ.ਆਰ. 'ਚ ਲੱਗਣ ਕਾਰਨ ਇਹ ਸਮੱਸਿਆ ਆਈ ਹੈ। ਸਕੂਲਾਂ 'ਚ ਅਧਿਆਪਕਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਜਲਦੀ ਹੀ ਅਧਿਆਪਕਾਂ ਨੂੰ ਮੁੜ ਸਕੂਲਾਂ 'ਚ ਵਿਦਿਆਰਥੀਆਂ ਦੇ ਪੜਾਉਣ ਲਈ ਭੇਜਿਆ ਜਾਵੇਗਾ।