ਪਾਰਕ ਦੀਆਂ ਲਾਈਟਾਂ ਦਾ ਕੰਮ ਸ਼ੁਰੂ
ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਾਰਕ ਦੀਆਂ ਲਾਈਟਾਂ ਦਾ ਕੰਮ ਸ਼ੁਰੂ
Publish Date: Wed, 01 Apr 2026 04:45 PM (IST)
Updated Date: Wed, 01 Apr 2026 04:49 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹੀਦ ਭਗਤ ਸਿੰਘ ਪਾਰਕ ਦੀਆਂ ਲਾਈਟਾਂ ਪਿਛਲੇ ਤਿੰਨ ਮਹੀਨਿਆਂ ਤੋਂ ਖ਼ਰਾਬ ਹੋਣ ਕਾਰਨ ਪਾਰਕ ਹਨੇਰੇ ’ਚ ਡੁੱਬਿਆ ਹੋਇਆ ਸੀ। ਪਾਰਕ ਕਮੇਟੀ ਵੱਲੋਂ ਕਈ ਵਾਰ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਨਿਗਮ ਨੂੰ ਬੇਨਤੀਆਂ ਕੀਤੀਆਂ ਗਈਆਂ, ਪਰ ਕਿਸੇ ਨੇ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ਼ ਕੁਮਾਰ ਲੋਟਾ, ਪ੍ਰਧਾਨ ਸ਼ਹੀਦ ਭਗਤ ਸਿੰਘ ਪਾਰਕ ਬਚਾਓ ਸੰਘਰਸ਼ ਕਮੇਟੀ ਬਰਨਾਲਾ ਅਤੇ ਜਨਰਲ ਸਕੱਤਰ ਸ਼੍ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਨੇ ਦੱਸਿਆ ਕਿ ਪਾਰਕ ’ਚ ਹਨੇਰਾ ਹੋਣ ਕਾਰਨ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੈਰ ਕਰਨ ਦੌਰਾਨ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਸਨ। ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਆਖ਼ਿਰਕਾਰ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਅੱਜ ਸ਼ਰੀ ਗਿਰੀਰਾਜ ਹੈਲਥ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਾਰਕ ਦੀਆਂ ਲਾਈਟਾਂ ਦੀ ਮੁਰੰਮਤ ਅਤੇ ਨਵੀਆਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ’ਤੇ ਤਕਰੀਬਨ ਇਕ ਲੱਖ ਰੁਪਏ ਦਾ ਖਰਚ ਆਵੇਗਾ। ਲਗਭਗ ਸੱਤ ਏਕੜ ’ਚ ਬਣਿਆ ਇਹ ਪਾਰਕ ਬਰਨਾਲਾ ਸ਼ਹਿਰ ਦੀ ਇੱਕ ਮਹੱਤਵਪੂਰਨ ਸੈਰਗਾਹ ਹੈ, ਜਿਸ ਦੀ ਸੰਭਾਲ ’ਚ ਪਹਿਲਾਂ ਵੀ ਸ਼ਹਿਰ ਦੇ ਦਾਨੀ ਅਤੇ ਧਾਰਮਿਕ ਸੱਜਣਾਂ ਨੇ ਸਮੇਂ-ਸਮੇਂ ’ਤੇ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਜਨਤਾ ਦੇ ਸਹਿਯੋਗ ਨਾਲ ਸਰਕਾਰੀ ਕੁਰਸੀਆਂ ’ਤੇ ਬੈਠੇ ਹਨ, ਉਨ੍ਹਾਂ ਕੋਲ ਫੰਡ ਹੋਣ ਦੇ ਬਾਵਜੂਦ ਸਮਾਜ ਦੀ ਭਲਾਈ ਲਈ ਵਰਤ ਨਹੀਂ ਰਹੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਪਾਰਕ ’ਚ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪਾਰਕ ’ਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਲਾਈਟਾਂ ਦਾ ਕੰਮ ਸ਼ੁਰੂ ਹੋਣ ਨਾਲ ਹੁਣ ਪਾਰਕ ’ਚ ਆਉਣ ਵਾਲੇ ਲੋਕਾਂ ਨੂੰ ਹਨੇਰੇ ਤੋਂ ਰਾਹਤ ਮਿਲੇਗੀ।