ਬਰਨਾਲਾ ਸਬਜ਼ੀ ਮੰਡੀ ’ਚ ਫੜਾਂ ਦੀ ਵੰਡ ਨੂੰ ਲੈ ਕੇ ਵਿਰੋਧੀਆਂ ਦਾ ਧਰਨਾ ਸਿਆਸੀ ਸਟੰਟ : ਚੇਅਰਮੈਨ ਸੰਘੇੜਾ ਨੋਟ 36 ਨੰਬਰ ਫ਼ਾਇਲ ਅੱਪਡੇਟ ਕਰਕੇ ਭੇਜੀ ਗਈ ਹੈ ਜੀ।
Publish Date: Mon, 14 Sep 2026 06:50 PM (IST)
Updated Date: Tue, 15 Sep 2026 04:06 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਮਾਰਕੀਟ ਕਮੇਟੀ ਬਰਨਾਲਾ ਦੇ ਨਵੇਂ ਬਣੇ ਚੇਅਰਮੈਨ ਜਸਵਿੰਦਰ ਸਿੰਘ ਸੰਘੇੜਾ ਨੇ ਸਬਜ਼ੀ ਵਿਕਰੇਤਾਵਾਂ ਵੱਲੋਂ ਫੜਾਂ ਦੀ ਵੰਡ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਨੂੰ ਇੱਕ ‘ਸਿਆਸੀ ਸਟੰਟ’ ਗਰਦਾਨਦਿਆਂ ਵਿਰੋਧੀਆਂ ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਪਹਿਲੀ ਵਾਰ ਸਬਜ਼ੀ ਵਿਕਰੇਤਾਵਾਂ ਨੂੰ ਮਾਰਕੀਟ ਕਮੇਟੀ ਵੱਲੋਂ ਪੱਕੀ ਛੱਤ ਨਸੀਬ ਹੋਈ ਹੈ। --ਛੱਤ ਹੇਠ ਫੜਾਂ ਦੀ ਵੰਡ ਪੂਰੀ ਤਰ੍ਹਾਂ ਨਿਯਮਾਂ ਤਹਿਤ : ਜਸਵਿੰਦਰ ਸਿੰਘ ਆੜ੍ਹਤੀਆਂ ਵੱਲੋਂ ਭਰੀ ਜਾਂਦੀ ਫ਼ੀਸ ਦੇ ਅਧਾਰ ਤੇ ਨਵੀਂ ਛੱਤ ਹੇਠ ਨਵੇਂ ਫੜਾਂ ਦੀ ਅਲਾਟਮੈਂਟ ਕੀਤੀ ਜਾ ਰਹੀ ਹੈ। ਚੇਅਰਮੈਨ ਜਸਵਿੰਦਰ ਸਿੰਘ ਨੇ ਪੰਜਾਬੀ ਜਾਗਰਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਕੋਲ 2 ਫ਼ੀਸਦੀ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਆੜ੍ਹਤੀਆਂ ਨੂੰ 362 ਰੁਪਏ ਸਕੁਏਅਰ ਫੁੱਟ ਦੇ ਹਿਸਾਬ ਨਾਲ ਫੜ ਅਲਾਟ ਕੀਤਾ ਗਿਆ ਹੈ, ਜਦੋਂ ਕਿ ਨਵੇਂ ਸਬਜ਼ੀ ਆੜ੍ਹਤੀਆਂ ਨੂੰ 100 ਫੁੱਟ ਜਗ੍ਹਾ ਦਿੱਤੀ ਗਈ ਹੈ। ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਵੀ ਮਾਤਰ 100 ਫੁੱਟ ਜਗ੍ਹਾ ਹੀ ਅਲਾਟ ਕੀਤੀ ਹੈ। ਜੇਕਰ ਉਹ ਚਾਹੁੰਦੇ ਤਾਂ ਆਪਣੇ ਲਾਇਸੰਸ ਦੀ ਵਰਤੋਂ ਕਰਕੇ ਉਸ ਨੂੰ 200 ਫੁੱਟ ਜਗ੍ਹਾ ਦੇ ਸਕਦੇ ਸਨ। ਸੰਘੇੜਾ ਨੇ ਸਪੱਸ਼ਟ ਕੀਤਾ ਕਿ ਐੱਮ.ਪੀ. ਮੀਤ ਹੇਅਰ ਦੀ ਵਿਕਾਸਮੁਖੀ ਸੋਚ ’ਤੇ ਪਹਿਰਾ ਦਿੰਦਿਆਂ ਕੋਈ ਧਾਂਦਲੀ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਕਰਨ ਦਿੱਤੀ ਜਾਵੇਗੀ। --ਨਾਜਾਇਜ਼ ਕਬਜ਼ੇਧਾਰੀਆਂ ’ਤੇ ਕਾਰਵਾਈ ਧਰਨਾਕਾਰੀਆਂ ਬਾਰੇ ਬੋਲਦਿਆਂ ਚੇਅਰਮੈਨ ਨੇ ਕਿਹਾ ਕਿ ਕੁਝ ਲੋਕ ਮਾਰਕੀਟ ਕਮੇਟੀ ਨੂੰ ਫ਼ੀਸ ਅਦਾ ਕੀਤੇ ਬਿਨਾਂ 400 ਫੁੱਟ ਦੇ ਕਰੀਬ ਥਾਂ ’ਤੇ ਨਾਜਾਇਜ਼ ਕਬਜ਼ਾ ਕਰੀ ਬੈਠੇ ਸਨ। ਕਬਜ਼ਾ ਛੁਡਾਊ ਮੁਹਿੰਮ ਤਹਿਤ ਇਹ ਥਾਵਾਂ ਖ਼ਾਲੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਦੁਰਵਿਹਾਰ ਦੇ ਖ਼ਿਲਾਫ਼ ਬਰਨਾਲਾ ਪੁਲਿਸ ਨੂੰ ਲਿਖਤੀ ਦਰਖ਼ਾਸਤ ਦੇ ਦਿੱਤੀ ਗਈ ਹੈ। --ਵਿਰੋਧੀ ਆਗੂਆਂ ਤੇ ਨਿਸ਼ਾਨਾ ਵਾਰਿਸ ਪੰਜਾਬ ਦੇ ਆਗੂ ਗੁਰਦੀਪ ਸਿੰਘ ਬਾਠ ’ਤੇ ਨਿਸ਼ਾਨਾ ਸਾਧਦਿਆਂ ਚੇਅਰਮੈਨ ਨੇ ਕਿਹਾ ਕਿ ਗੁਰਦੀਪ ਬਾਠ ਦਾ ਕੰਮ ਹੁਣ ਹਰੇਕ ਧਰਨੇ ’ਚ ਚੌਂਕੜਾ ਮਾਰ ਕੇ ਬੈਠਣਾ ਹੀ ਰਹਿ ਗਿਆ ਹੈ। ਉਹ ਲੋੜਵੰਦਾਂ ਦੀ ਮਦਦ ਕਰਨ ਦੀ ਥਾਂ ਸਿਰਫ਼ ਸਰਕਾਰ ਖ਼ਿਲਾਫ਼ ਜ਼ਹਿਰ ਉਗਲ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਆੜ੍ਹਤੀਏ, ਜੋ ਪਹਿਲਾਂ ਹੀ 3-3 ਜਾਂ 4-4 ਫ਼ਰਮਾਂ ਚਲਾ ਰਹੇ ਹਨ, ਹੋਰ ਵੱਡਾ ਫੜ ਹੜਪਣ ਲਈ ਨਵੇਂ ਲਾਇਸੰਸ ਬਣਾਉਣਾ ਚਾਹੁੰਦੇ ਸਨ, ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮੰਡੀ ਚ ਕੁੱਲ 86 ਆੜ੍ਹਤੀਆਂ ਨੂੰ ਫੜ ਅਲਾਟ ਕੀਤੇ ਜਾ ਰਹੇ ਹਨ। ਅੱਜ ਵੀ ਰੋਸ ਪ੍ਰਦਰਸ਼ਨਕਾਰੀਆਂ ਨਾਲ ਲੰਮੀ ਮੀਟਿੰਗ ਹੋਈ ਹੈ ਤੇ ਐੱਮ.ਪੀ. ਮੀਤ ਹੇਅਰ ਦੀ ਯੋਗ ਅਗਵਾਈ ਹੇਠ ਹੁਣ ਨਵੀਂ ਛੱਤ ਵਾਲੇ ਸਬਜ਼ੀ ਮੰਡੀ ਦੇ 13500 ਸੁਕੇਅਰ ਫੁੱਟ ਕੱਲ੍ਹ ਤੱਕ ਨਵੇਂ-ਪੁਰਾਣੇ ਸਾਰੇ ਯੋਗ ਵਿਕਰੇਤਾਵਾਂ ਨੂੰ ਫੜ ਅਲਾਟ ਕਰ ਦਿੱਤੇ ਜਾਣਗੇ।