- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਾਂ 'ਚ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਾਫ਼ ਸ਼ਬਦਾਂ 'ਚ ਆਖਿਆ ਕਿ ਨੋਡਲ ਤੇ ਕਲੱਸਟਰ ਅਫ਼ਸਰਾਂ ਸਮੇਤ ਫੀਲਡ ਟੀਮਾਂ ਦੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਵੀ ਇਲਾਕੇ 'ਚ ਧੂੰਆਂ ਨਜ਼ਰ ਆਇਆ ਤਾਂ ਸਬੰਧਤ ਅਫ਼ਸਰ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਿੱਥੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ, ਉੱਥੇ ਹੀ ਹੁਕਮ ਨਾ ਮੰਨਣ ਵਾਲਿਆਂ 'ਤੇ ਹੁਣ ਸਖ਼ਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਐਤਵਾਰ ਨੂੰ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਤੇ ਐੱਸ. ਐੱਸ. ਪੀ. ਮੁਹੰਮਦ ਸਰਫਰਾਜ਼ ਆਲਮ ਨੇ ਆਪ ਧਨੌਲਾ, ਭੈਣੀ ਜੱਸਾ, ਕਾਲੇਕੇ ਤੇ ਕਾਹਨੇਕੇ ਦੇ ਖੇਤਾਂ ਦਾ ਗੇੜਾ ਮਾਰਿਆ। ਇਸ ਛਾਪੇਮਾਰੀ ਦੌਰਾਨ ਕੁਝ ਥਾਵਾਂ ’ਤੇ ਧੂੰਆਂ ਉੱਠਦਾ ਦੇਖ ਕੇ ਅਫ਼ਸਰਾਂ ਨੇ ਮੌਕੇ ’ਤੇ ਹੀ ਅੱਗ ਬੁਝਵਾਈ। ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਜਮ੍ਹਾਬੰਦੀ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ਼ ਪਾਉਣ ਦੇ ਨਾਲ-ਨਾਲ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਾਉਣ ਤੇ ਪਰਚਾ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਤੋਂ ਇਲਾਵਾ ਡਿਊਟੀ ’ਚ ਢਿੱਲ ਮੱਠ ਵਰਤਣ ਵਾਲੇ ਕਲੱਸਟਰ ਅਫ਼ਸਰਾਂ ’ਤੇ ਵੀ ਵਿਭਾਗੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ।
ਖੇਤਾਂ 'ਚ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਾਫ਼ ਸ਼ਬਦਾਂ 'ਚ ਆਖਿਆ ਕਿ ਨੋਡਲ ਤੇ ਕਲੱਸਟਰ ਅਫ਼ਸਰਾਂ ਸਮੇਤ ਫੀਲਡ ਟੀਮਾਂ ਦੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਵੀ ਇਲਾਕੇ 'ਚ ਧੂੰਆਂ ਨਜ਼ਰ ਆਇਆ ਤਾਂ ਸਬੰਧਤ ਅਫ਼ਸਰ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਝੋਨੇ ਦੀ ਨਾੜ/ਪਰਾਲੀ ਸਾੜਨ ’ਤੇ ਪੂਰੀ ਤਰ੍ਹਾਂ ਰੋਕ ਲੱਗੀ ਹੋਈ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਲ-ਪਲ ਦੀ ਖ਼ਬਰ ਰੱਖੀ ਜਾ ਰਹੀ ਹੈ। ਉਨ੍ਹਾਂ ਫੀਲਡ 'ਚ ਤਾਇਨਾਤ ਟੀਮਾਂ ਨੂੰ ਆਉਂਦੇ ਦਿਨਾਂ 'ਚ ਅੱਖਾਂ ਖੁੱਲ੍ਹੀਆਂ ਰੱਖਣ ਤੇ ਦਿਨ-ਰਾਤ ਚੌਕਸ ਰਹਿਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।