- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਖਿਲ ਕੌਸ਼ਲ 'ਰਤਨ ਪੰਜਾਬ ਦੇ' ਅਵਾਰਡ ਨਾਲ ਸਨਮਾਨਿਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਕਰੋਨਾ ਮਹਾਂਮਾਰੀ ਵਰਗੇ ਭਿਆਨਕ ਦੌਰ ਦੌਰਾਨ ਆਪਣੀ ਸਰਕਾਰੀ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ’ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਤੇ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਹਰ ਵਰਗ ਦੀ ਮੱਦਦ ਕਰਨ ਵਾਲੇ ਸਮਾਜ ਸੇਵੀ ਨਿਖਿਲ ਕੌਸ਼ਲ ਨੂੰ ਅੱਜ ‘ਪੰਜਾਬੀ ਜਾਗਰਣ’ ਵੱਲੋਂ 'ਰਤਨ ਪੰਜਾਬ ਦੇ' ਅਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਨਿਖਿਲ ਕੌਸ਼ਲ ਦਾ ਜਨਮ 30 ਨਵੰਬਰ 1989 ਨੂੰ ਪਿਤਾ ਸਵਰਗੀ ਅਰੁਣ ਕੁਮਾਰ ਤੇ ਮਾਤਾ ਸ਼੍ਰੀਮਤੀ ਵਿਜੇ ਰਾਣੀ ਦੇ ਘਰ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਪਿਤਾ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਨੂੰ ਸਾਲ 2008 ਵਿੱਚ ਸਰਕਾਰੀ ਨੌਕਰੀ ਪ੍ਰਾਪਤ ਹੋਈ। ਆਪਣੀ ਸਰਵਿਸ ਦੌਰਾਨ ਨਿਖਿਲ ਕੌਸ਼ਲ ਨੇ ਨਗਰ ਪੰਚਾਇਤ ਦਿੜਬਾ ਤੇ ਹੰਡਿਆਇਆ ਤੋਂ ਇਲਾਵਾ ਨਗਰ ਕੌਂਸਲ ਸੰਗਰੂਰ, ਧੂਰੀ, ਧਨੌਲਾ, ਭਦੌੜ, ਤਪਾ, ਬਰਨਾਲਾ, ਜਗਰਾਉਂ, ਮੁੱਲਾਪੁਰ ਦਾਖਾ, ਰਾਏਕੋਟ ਅਤੇ ਨਾਭਾ ਵਿਖੇ ਆਪਣੀਆਂ ਬਹਿਤਰੀਨ ਸੇਵਾਵਾਂ ਦਿੱਤੀਆਂ। ਇਸ ਵੇਲੇ ਉਹ ਨਗਰ ਨਿਗਮ ਬਰਨਾਲਾ ਵਿਖੇ ਜੂਨੀਅਰ ਇੰਜੀਨੀਅਰ ਵਜੋਂ ਤਾਇਨਾਤ ਹਨ। ਨਿਖਿਲ ਕੌਸ਼ਲ ਬਰਨਾਲਾ ਵਿਖੇ ਆਪਣੇ ਹੱਸਦੇ-ਵੱਸਦੇ ਪਰਿਵਾਰ ’ਚ ਪਤਨੀ ਰੀਤੂ ਰਾਣੀ, ਧੀ ਤੇ ਪੁੱਤਰ ਨਾਲ ਰਹਿੰਦਿਆਂ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਨੂੰ ਪਹਿਲ ਦਿੰਦੇ ਹਨ। ਸਰਕਾਰੀ ਡਿਊਟੀ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਕਾਸਮੁਖੀ ਸੋਚ ਨਾਲ ਹਮੇਸ਼ਾ ਇਲਾਕੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੀਆਂ ਇਨ੍ਹਾਂ ਬੇਮਿਸਾਲ ਸਮਾਜਿਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਨੂੰ ਦੇਖਦਿਆਂ ਹੀ ਅਦਾਰਾ ਪੰਜਾਬੀ ਜਾਗਰਣ ਵੱਲੋਂ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।