- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਦੇ ਵਾਲੀ ਗੱਲ : ਯਾਦਵਿੰਦਰ ਸਿੰਘ ਭੁੱਲਰ

ਕੈਪਸ਼ਨ: ਯਾਦਵਿੰਦਰ ਸਿੰਘ ਭੁੱਲਰ
---------------------------
ਸ਼ੀਸ਼ ਮਹਿਲ' ਦਾ ਸੱਚ ਅਤੇ ਸਿਆਸੀ ਦਾਅਵੇ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਚੱਲ ਰਿਹਾ ਵਿਵਾਦ ਮੁੜ ਸੁਰਖੀਆਂ ਵਿੱਚ ਹੈ। ਵਿਰੋਧੀ ਧਿਰਾਂ ਅਤੇ ਮੌਜੂਦਾ ਸੱਤਾਧਾਰੀ ਧਿਰ ਵੱਲੋਂ ਇਸ ਰਿਹਾਇਸ਼ ਨੂੰ 'ਸ਼ੀਸ਼ ਮਹਿਲ' ਦਾ ਨਾਂ ਦਿੰਦਿਆਂ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਹੈ। ਵਿਰੋਧੀ ਆਗੂਆਂ ਦਾ ਇਲਜ਼ਾਮ ਹੈ ਕਿ ‘ਆਮ ਆਦਮੀ’ ਹੋਣ ਦਾ ਦਾਅਵਾ ਕਰਨ ਵਾਲੇ ਆਗੂ ਨੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖ਼ਰਚ ਕੇ ਆਪਣੇ ਲਈ ਆਲੀਸ਼ਾਨ ਮਹਿਲ ਤਿਆਰ ਕਰਵਾਇਆ, ਜੋ ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਦੇ ਫ਼ਰਕ ਨੂੰ ਦਰਸਾਉਂਦਾ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਇਸ ਮੁੱਦੇ ’ਤੇ ਵੱਖ-ਵੱਖ ਵਿਚਾਰ ਸੁਣਨ ਨੂੰ ਮਿਲ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਾਦਗੀ ਦੀਆਂ ਗੱਲਾਂ ਕਰਨ ਵਾਲਿਆਂ ਦਾ ਇਹ ਬਦਲਿਆ ਰੂਪ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ’ ਵਾਲੀ ਕਹਾਵਤ ਨੂੰ ਸੱਚ ਕਰਦਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਆਗੂਆਂ ਦਾ ਪੱਖ ਹੈ ਕਿ ਇਹ ਇੱਕ ਸਰਕਾਰੀ ਰਿਹਾਇਸ਼ ਹੈ, ਜਿਸ ਦੀ ਮੁਰੰਮਤ ਨਿਯਮਾਂ ਮੁਤਾਬਕ ਹੋਈ ਹੈ ਅਤੇ ਵਿਰੋਧੀ ਧਿਰਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਨੂੰ ਸਿਆਸੀ ਰੰਗਤ ਦੇ ਰਹੀਆਂ ਹਨ। ਇਸ ਤਰ੍ਹਾਂ, ਜਿੱਥੇ ਇੱਕ ਧਿਰ ਇਸ ਨੂੰ ਜਨਤਾ ਦੇ ਪੈਸੇ ਦੀ ਦੁਰਵਰਤੋਂ ਦੱਸ ਰਹੀ ਹੈ, ਉੱਥੇ ਹੀ ਦੂਜੀ ਧਿਰ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦੇ ‘ਆਪੋ ਆਪਣੀ ਡਫਲੀ ਬਜਾ’ ਰਹੀ ਹੈ।
--------
ਦੂਜਿਆਂ ਦੇ ਵਿਹੜੇ ਜੇ.ਸੀ.ਬੀ. ਤੇ ਆਪਣੇ ਵੇਲੇ ਕਾਗਜ਼ੀ ਘੋੜੇ!
ਪੰਜਾਬ ਦੀਆਂ ਸੱਥਾਂ ’ਚ ਅੱਜਕੱਲ੍ਹ ਬੜੀ ਦਿਲਚਸਪ ਚਰਚਾ ਛਿੜੀ ਹੋਈ ਹੈ ਕਿ ਸਾਡੇ ਸਿਸਟਮ ਦਾ ਹਿਸਾਬ-ਕਿਤਾਬ ਵੀ ਬੜਾ ਨਿਰਾਲਾ ਹੈ। ਸੱਥਾਂ ਦੇ ਬਜ਼ੁਰਗ ਆਖਦੇ ਹਨ ਕਿ ਜਦੋਂ ਦੂਜਿਆਂ ਦੇ ਵਿਹੜਿਆਂ ਵਿੱਚੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਵਾਰੀ ਆਉਂਦੀ ਹੈ, ਤਾਂ ਪ੍ਰਸ਼ਾਸਨ ਦੀ ਜੇ.ਸੀ.ਬੀ. ਮਸ਼ੀਨ ਇੰਨੀ ਫੁਰਤੀ ਨਾਲ ਚੱਲਦੀ ਹੈ ਜਿਵੇਂ ਵਿਆਹ ਵਾਲੇ ਘਰ ਹਲਵਾਈ ਦੇ ਹੱਥ ਚੱਲਦੇ ਹੋਣ। ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਵਾਹ-ਵਾਹ ਖੱਟਣ ਵੇਲੇ ਤਾਂ ਇੰਝ ਜਾਪਦਾ ਹੈ ਜਿਵੇਂ ਹੁਣ ਕਿਤੇ ਕੋਈ ਕਸਰ ਬਾਕੀ ਨਹੀਂ ਰਹਿਣੀ। ਪਰ ਦੂਜੇ ਪਾਸੇ, ਜਦੋਂ ਬਰਨਾਲਾ ਦੇ ਫਰਵਾਹੀ ਬਾਜ਼ਾਰ ਵਾਲੇ ਖੇਤੀਬਾੜੀ ਦਫ਼ਤਰ ਦੀ ਥਾਂ ਦੀ ਗੱਲ ਤੁਰਦੀ ਹੈ, ਤਾਂ ਲੋਕ ਆਖਦੇ ਹਨ ਕਿ ਇੱਥੇ ਤਾਂ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਵਾਲੀ ਕਹਾਵਤ ਸੱਚ ਹੁੰਦੀ ਜਾਪਦੀ ਹੈ। ਜਿਨ੍ਹਾਂ ਖਰੀਦਦਾਰਾਂ ਨੇ ਕਰੋੜਾਂ ਰੁਪਏ ਗਿਣ ਕੇ ਦਿੱਤੇ, ਉਹ ਵਿਚਾਰੇ ਹੁਣ ਕਬਜ਼ਾ ਲੈਣ ਲਈ ‘ਪਾਣੀਓਂ ਬਾਹਰ ਕੱਢੀ ਮੱਛੀ ਵਾਂਗ ਤਰਲੋ-ਮੱਛੀ’ ਹੋ ਰਹੇ ਹਨ। ਉਨ੍ਹਾਂ ਦੀ ਹਾਲਤ ਉਸ ਬੰਦੇ ਵਰਗੀ ਹੋ ਗਈ ਹੈ ਜਿਸ ਨੇ ਪੂਰੇ ਪੈਸੇ ਤਾਰ ਕੇ ਮੱਝ ਤਾਂ ਖਰੀਦ ਲਈ, ਪਰ ਦੁੱਧ ਚੋਣ ਵੇਲੇ ਪਤਾ ਲੱਗਾ ਕਿ ਰੱਸਾ ਅਜੇ ਵੀ ਪੁਰਾਣੇ ਮਾਲਕ ਦੇ ਕਿੱਲੇ ਨਾਲ ਹੀ ਬੱਝਾ ਹੋਇਆ ਹੈ। ਕਰੋੜਾਂ ਦੀ ਰਕਮ ਜਮ੍ਹਾਂ ਕਰਵਾਉਣ ਵੇਲੇ ਤਾਂ ਕੰਮ ਝਟਪਟ ਹੋ ਗਿਆ, ਪਰ ਕਬਜ਼ਾ ਦੇਣ ਵੇਲੇ ਸਰਕਾਰੀ ਤੰਤਰ ਇੰਝ ਕੁੰਭਕਰਨੀ ਨੀਂਦ ਸੌਂ ਗਿਆ ਜਿਵੇਂ ਕੰਨਾਂ ਵਿੱਚ ਰੂੰ ਦੇ ਦਿੱਤੀ ਹੋਵੇ। ਦਫ਼ਤਰਾਂ ਦੇ ਗੇੜੇ ਮਾਰ-ਮਾਰ ਕੇ ਥੱਕੇ ਖਰੀਦਦਾਰਾਂ ਦੇ ਹੱਥ ਪੱਲੇ ਸਿਰਫ਼ ਕਾਗਜ਼ੀ ਪੱਤਰ ਦੇਖ ਤਾਂ ਇੰਝ ਲੱਗਦਾ ਹੈ ਕਿ 'ਖੋਦਿਆ ਪਹਾੜ ਤੇ ਨਿਕਲਿਆ ਚੂਹਾ'।
----------
ਕੂੜੇ ਦੇ ਢੇਰਾਂ ’ਤੇ ਸਜੇ ‘ਜੌੜੇ ਨੀਂਹ ਪੱਥਰ’ ਵਿਕਾਸ ਦੇ ਦਾਅਵੇ ਜਾਂ ਸਿਆਸੀ ਚੋਹਲ-ਮੋਹਲ?
ਬਰਨਾਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਬਣੇ ‘ਜੌੜੇ ਪੰਪਾਂ’ ਵਾਂਗ ਹੁਣ ਹੰਡਿਆਇਆ ਚੌਂਕ ਨੇੜਲੀ ਨਗਰ ਨਿਗਮ ਦੀ ਖਾਲੀ ਪਈ ਥਾਂ ਵੀ ਇਲਾਕੇ ਦੇ ਲੋਕ ‘ਜੌੜੇ ਨੀਂਹ ਪੱਥਰਾਂ’ ਵਾਲੀ ਥਾਂ ਵਜੋਂ ਜਾਣਨ ਲੱਗੇ ਹਨ, ਕਿਉ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੌਰਾਨ ਇੱਥੇ ਇੱਕ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਮੌਜੂਦਾ ਸੱਤਾਧਾਰੀ ਧਿਰ ਦੇ ਆਗੂਆਂ ਨੇ ਇਸ ਥਾਂ ’ਤੇ ਵਿਸ਼ਵ ਪੱਧਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਇਹ ਦੋਸ਼ ਲਾਇਆ ਸੀ ਕਿ ਪਿਛਲੀ ਸਰਕਾਰ ਵੇਲੇ ਸਬੰਧਤ ਆਗੂ ਵੱਲੋਂ ਇਹ ਪੱਥਰ ਸਿਰਫ਼ ਖਾਨਾਪੂਰਤੀ ਲਈ ਰੱਖਿਆ ਅਤੇ ਬਾਅਦ ਵਿੱਚ ਉਹ ਆਗੂ ਖੁਦ ਵੀ ਪਾਰਟੀ ਛੱਡ ਗਿਆ, ਜਿਸ ਕਾਰਨ ਹਸਪਤਾਲ ਦਾ ਕੰਮ ਸਿਰੇ ਨਹੀਂ ਚੜ੍ਹ ਸਕਿਆ। ਹੁਣ ਸੱਤਾਧਾਰੀ ਧਿਰ ਵਲੋ ਖੇਡ ਸਟੇਡੀਅਮ ਦੇ ਨੀਂਹ ਪੱਥਰ ਨੂੰ ਲੈ ਕੇ ਵੀ ਸਥਾਨਕ ਵਾਸੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਵਿੱਚ ਸਟੇਡੀਅਮ ਬਣਨ ਦੀ ਉਮੀਦ ਮੱਧਮ ਪੈਂਦੀ ਜਾ ਰਹੀ ਹੈ। ਪਿੰਡਾਂ ਅਤੇ ਸ਼ਹਿਰ ਦੀਆਂ ਸੱਥਾਂ ਵਿੱਚ 'ਗੱਲਾਂ ਦੇ ਕੜਾਹ' ਵਾਂਗ ਇਨ੍ਹਾਂ ਜੋੜੇ ਨੀਹ ਪੱਥਰਾਂ ਦੀ ਚਰਚਾ ਹੈ। ਗੌਰ ਹੋਵੇ ਕਿ ਨਿਗਮ ਦੀ ਇਹ ਜ਼ਮੀਨ ਅਜੇ ਵੀ ਕੂੜੇ ਦੇ ਢੇਰਾਂ ਨਾਲ ਘਿਰੀ ਹੋਈ ਹੈ ਅਤੇ ਇੱਥੇ ਲੱਗੇ ਦੋਵੇਂ ਨੀਂਹ ਪੱਥਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਾਅਦਿਆਂ ਦੀ ਕਹਾਣੀ ਬਿਆਨ ਕਰ ਰਹੇ ਹਨ।
-----
ਗੱਠਜੋੜ ਦੇ ਲੱਡੂ ਤੇ ਬਰਨਾਲੇ ਦੀ ਟਿਕਟ ਦਾ ‘ਮਿੱਠਾ ਪੁਆੜਾ’
ਪੰਜਾਬ ਦੀਆਂ ਚੋਣਾਂ ’ਚ ਅਕਾਲੀ-ਭਾਜਪਾ ਗੱਠਜੋੜ ’ਤੇ ਬਰਨਾਲਾ ’ਚ ਪਹਿਲੇ ਦਿਨ ਭਾਜਪਾ ਵੱਲੋਂ ਦੋ ਕਿੱਲੋ ਤੇ ਅਗਲੇ ਦਿਨ ਅਕਾਲੀਆਂ ਵੱਲੋਂ ਦਸ ਕਿੱਲੋ ਲੱਡੂ ਵੰਡ ਕੇ ਖੁਸ਼ੀ ਮਨਾਈ। ਜਿੱਥੇ ਪੰਜਾਬ ਦੇ ਬਾਕੀ ਹਲਕਿਆਂ ਵਿੱਚ ਟਿਕਟਾਂ ਲਈ ‘ਮੈਂ ਲੜਾਂ, ਮੈਂ ਲੜਾਂ’ ਦੀ ਖਿੱਚੋਤਾਣ ਦੱਸੀ ਜਾ ਰਹੀ ਹੈ, ਉੱਥੇ ਹੀ ਬਰਨਾਲਾ ਸੀਟ ’ਤੇ ‘ਤੂੰ ਲੜ, ਤੂੰ ਲੜ’ ਵਾਲਾ ਮਾਹੌਲ ਬਣਿਆ ਹੋਇਆ ਹੈ। ਇਹ ਤਾਂ ਉਹ ਗੱਲ ਹੋ ਗਈ ਜਿਵੇਂ "ਵਿਆਹ ਤੋਂ ਪਹਿਲਾਂ ਹੀ ਗੱਡੇ ’ਤੇ ਬਹਿ ਕੇ ਨੱਚਣਾ’। ਜਦੋਂ ਹਾਲੇ ਸੀਟਾਂ ਦੀ ਵੰਡ ਦਾ ਕੋਈ ਅਧਿਕਾਰਤ ਫੈਸਲਾ ਹੀ ਨਹੀਂ ਹੋਇਆ, ਤਾਂ ਕਿੱਲੋਆਂ ਦੇ ਹਿਸਾਬ ਨਾਲ ਵੰਡੇ ਜਾ ਰਹੇ ਲੱਡੂਆਂ ਨੂੰ ਦੇਖ ਕੇ ਲੋਕ ਮਜ਼ਾਕ ਵਿੱਚ ਕਹਿ ਰਹੇ ਹਨ ਕਿ ਕਿਤੇ ਇਨ੍ਹਾਂ ਲੱਡੂਆਂ ਦੇ ਵੀ ਚੌਂਕਾਂ ਵਿੱਚ ਵੱਡੇ-ਵੱਡੇ ਫਲੈਕਸ ਬੋਰਡ ਨਾ ਲੱਗ ਜਾਣ। ਜਿੱਥੇ ਆਗੂ ਟਿਕਟ ਆਪਣੇ ਗਲ਼ ਪਵਾਉਣ ਦੀ ਬਜਾਏ ਦੂਜੇ ਦੀ ਝੋਲੀ ਪਾਉਣ ਲਈ ਜ਼ੋਰ ਲਾ ਰਹੇ ਹੋਣ, ਉੱਥੇ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਹੀ ਹਾਲਾਤ ‘ਅੱਗੇ ਖੂਹ ਤੇ ਪਿੱਛੇ ਖਾਈ’ ਵਾਲੇ ਬਣੇ ਨਜ਼ਰ ਆਉਂਦੇ ਹਨ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਲੱਡੂਆਂ ਦੀ ਮਿਠਾਸ ਚੋਣ ਨਤੀਜਿਆਂ ਤੱਕ ਬਰਕਰਾਰ ਰਹਿੰਦੀ ਹੈ ਜਾਂ ਫਿਰ ਇਹ ਸਿਆਸੀ ਰਸਮ ਸਿਰਫ਼ ‘ਖੋਦਾ ਪਹਾੜ ਤੇ ਨਿਕਲਿਆ ਚੂਹਾ’ ਹੀ ਸਾਬਤ ਹੁੰਦੀ ਹੈ।