- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪਾਲ ਮੋਚਨ ਦੇ ਮੇਲੇ 'ਤੇ ਲੰਗਰ ਲਾਉਣ ਦੀ 41 ਸਾਲ ਪੁਰਾਣੀ ਰੀਤ ਰੱਖੀ ਕਾਇਮ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੱਗਣ ਵਾਲੇ ਇਤਿਹਾਸਕ ਕਪਾਲ ਮੋਚਨ ਸਾਹਿਬ ਦੇ ਮੇਲੇ |ਤੇ ਸੰਗਤਾਂ ਦੀ ਟਹਿਲ-ਸੇਵਾ ਲਈ ਬਰਨਾਲਾ ਤੋਂ ਲਗਾਤਾਰ 41ਵੇਂ ਸਾਲ ਲੰਗਰ ਦੀ ਰਸਦ ਅਤੇ ਸੇਵਾਦਾਰਾਂ ਦਾ ਜਥਾ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਰਵਾਨਾ ਕੀਤਾ ਗਿਆ। ਮਰਹੂਮ ਸਾਬਕਾ ਵਿਧਾਇਕ ਤੇ ਪ੍ਰਧਾਨ ਟਰੱਕ ਯੂਨੀਅਨ ਪੰਜਾਬ ਮਲਕੀਤ ਸਿੰਘ ਕੀਤੂ ਵੱਲੋਂ ਸ਼ੁਰੂ ਕੀਤੀ ਗਈ ਇਸ ਪਵਿੱਤਰ ਰੀਤ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੇ ਸਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੱਲੋਂ ਇਸ ਵਾਰ ਵੀ ਲੰਗਰ ਦਾ ਪੂਰਾ ਸਾਜ਼ੋ-ਸਾਮਾਨ ਭੇਜਿਆ ਗਿਆ ਹੈ। ਪੰਜਾਬੀ ਜਾਗਰਣ ਨਾਲ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਕੀਤੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਮਲਕੀਤ ਸਿੰਘ ਕੀਤੂ ਨੇ 40 ਸਾਲ ਪਹਿਲਾਂ ਕਪਾਲ ਮੋਚਨ ਸਾਹਿਬ ਵਿਖੇ ਸੰਗਤ ਲਈ ਲੰਗਰ ਲਾਉਣ ਦਾ ਜੋ ਬੂਟਾ ਲਾਇਆ ਸੀ, ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਅੱਜ ਵੀ ਪੂਰੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ। ਇਸੇ ਲੜੀ ਤਹਿਤ 41ਵੇਂ ਸਾਲ ਦੀ ਸੇਵਾ ਨਿਭਾਉਣ ਲਈ ਬਰਨਾਲਾ ਤੋਂ ਲੰਗਰ ਵਾਸਤੇ ਲੋੜੀਂਦਾ ਰਾਸ਼ਨ-ਪਾਣੀ, ਗੈਸ ਸਿਲੰਡਰ, ਬਾਲਣ ਵਾਸਤੇ 30 ਕੁਇੰਟਲ ਲੱਕੜ ਤੇ ਸੰਗਤ ਨੂੰ ਤਾਜ਼ੇ ਪ੍ਰਸ਼ਾਦੇ ਛਕਾਉਣ ਲਈ ਰੋਟੀਆਂ ਪਕਾਉਣ ਵਾਲੀ ਵਿਸ਼ੇਸ਼ ਮਸ਼ੀਨ ਭੇਜੀ ਗਈ ਹੈ। ਰਸਦ ਵਾਲੇ ਟਰੱਕਾਂ ਦੇ ਨਾਲ ਹੀ ਇਲਾਕੇ ਦੇ ਕਰੀਬ 60 ਸ਼ਰਧਾਲੂਆਂ ਦਾ ਜਥਾ ਵੀ ਕਪਾਲ ਮੋਚਨ ਸਾਹਿਬ ਲਈ ਰਵਾਨਾ ਹੋਇਆ, ਜੋ ਉੱਥੇ ਦਿਨ-ਰਾਤ ਲੰਗਰ ਤਿਆਰ ਕਰਨ ਤੇ ਵਰਤਾਉਣ ਦੀ ਸੇਵਾ ਨਿਭਾਏਗਾ। ਜਥੇ ਦੀ ਰਵਾਨਗੀ ਮੌਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਜੈਕਾਰਿਆਂ ਦੀ ਗੂੰਜ 'ਚ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੇ ਨਾਲ ਸ਼ਿੰਗਾਰਾ ਸਿੰਘ ਸਰਪੰਚ, ਜਸਮੈਲ ਸਿੰਘ, ਹਰਮੇਲ ਸਿੰਘ, ਬੌਬੀ, ਜਤਿੰਦਰ ਜਿੰਮੀ, ਬਲਤੇਜ ਸਿੰਘ ਬੋਘਾ ਤਾਜੋਕੇ, ਜਗਦੇਵ ਸਿੰਘ ਜੱਗਾ, ਜਗਤੇਸ਼ਵਰ, ਗੋਲਡੀ ਸਰਪੰਚ, ਮੱਗਰ ਪੁਰੀ, ਦੀਪਕ ਸ਼ਰਮਾ, ਜੱਸੀ ਦੀਵਾਨਾ ਅਤੇ ਸੁਰਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਸੰਗਤਾਂ ਹਾਜ਼ਰ ਸਨ।