- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ-ਬਠਿੰਡਾ ਰੋਡ 'ਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਜਣਿਆਂ ਦੀ ਮੌਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਹੰਡਿਆਇਆ ਆਊਟਲੈੱਟ ਨੇੜੇ ਇੱਕ ਈਟੀਓਸ ਕਾਰ ਤੇ ਮੋਟਰਸਾਈਕਲ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 8 ਵਜੇ ਵਾਪਰਿਆ। ਮੋਟਰਸਾਈਕਲ ਨੂੰ ਅਮਨਦੀਪ ਸਿੰਘ ਚਲਾ ਰਿਹਾ ਸੀ, ਜਦਕਿ ਕਾਰ ਵਿੱਚ ਦਰਬਾਰਾ ਸਿੰਘ, ਗੋਲੂ ਅਤੇ ਰਾਜਵੀਰ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਾਲਕ ਅਮਨਦੀਪ ਸਿੰਘ ਅਤੇ ਕਾਰ ਚਾਲਕ ਦਰਬਾਰਾ ਸਿੰਘ ਦੋਵਾਂ ਦੀ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਲਾਂਕਿ ਕਾਰ ਵਿੱਚ ਸਵਾਰ ਬਾਕੀ ਦੋ ਵਿਅਕਤੀ ਗੋਲੂ ਅਤੇ ਰਾਜਵੀਰ ਵਾਲ-ਵਾਲ ਬਚ ਗਏ ਅਤੇ ਪੂਰੀ ਤਰ੍ਹਾਂ ਠੀਕ-ਠਾਕ ਹਨ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਦੋਵਾਂ ਜ਼ਖ਼ਮੀਆਂ/ਮ੍ਰਿਤਕਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿੱਚ ਪਹੁੰਚਾਇਆ। ਉੱਥੇ ਡਿਊਟੀ ’ਤੇ ਤਾਇਨਾਤ ਡਾਕਟਰ ਸੌਰਵ ਬੋਹਰਾ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੌਰਵ ਬੋਹਰਾ ਨੇ ਦੱਸਿਆ, ਸੜਕ ਹਾਦਸੇ ਦੇ ਸ਼ਿਕਾਰ ਦੋ ਵਿਅਕਤੀਆਂ ਦਰਬਾਰਾ ਸਿੰਘ ਅਤੇ ਅਮਨਦੀਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਓਹਨਾਂ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਘਟਨਾ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਜੋ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।