ਗਲੀ ਨੰਬਰ ਪੰਜ ’ਚ ਸੀਵਰੇਜ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਗਲੀ ਨੰਬਰ ਪੰਜ ’ਚ ਸੀਵਰੇਜ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ
Publish Date: Fri, 16 Oct 2026 09:10 PM (IST)
Updated Date: Fri, 16 Oct 2026 09:12 PM (IST)
: ਨਗਰ ਨਿਗਮ ਤੇ ਸੀਵਰੇਜ ਵਿਭਾਗ ਖ਼ਿਲਾਫ਼ ਕੀਤੀ ਨਾਅਰੇਬਾਜ਼ੀ : ਸਮੱਸਿਆ ਦਾ ਹੱਲ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਦੇ ਇੱਕ ਮੁਹੱਲੇ ਦੀ ਗਲੀ ਨੰਬਰ ਪੰਜ ਵਿੱਚ ਸੀਵਰੇਜ ਦੇ ਬੰਦ ਹੋਣ ਕਾਰਨ ਗੰਦਾ ਪਾਣੀ ਗਲੀ ਵਿੱਚ ਖੜ੍ਹਾ ਰਹਿਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਅਤੇ ਸੀਵਰੇਜ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਮੁਹੱਲਾ ਵਾਸੀਆਂ ਨੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਮੁਹੱਲਾ ਵਾਸੀਆਂ ਨਰੋਤਮ ਗੋਇਲ, ਜਸਵਿੰਦਰ ਸਿੰਘ ਜੱਸੀ, ਰਾਜੂ, ਜਗਜੀਤ ਸਿੰਘ ਫੌਜੀ, ਦਰਸ਼ਨ ਰਾਣੀ, ਧਰਮ ਜੋਤ, ਕਿੰਤੂ ਆਦਿ ਨੇ ਦੱਸਿਆ ਕਿ ਉਹ ਗਲੀ ਨੰਬਰ ਪੰਜ ਦੇ ਵਸਨੀਕ ਹਨ। ਉਨ੍ਹਾਂ ਦੀ ਗਲੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਬੰਦ ਹੋਣ ਦੀ ਸਮੱਸਿਆ ਬਣੀ ਹੋਈ ਹੈ। ਇਸ ਕਾਰਨ ਗੰਦਾ ਪਾਣੀ ਹਰ ਸਮੇਂ ਗਲੀ ਵਿੱਚ ਖੜ੍ਹਾ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੀ ਵਿੱਚ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਆਉਣ-ਜਾਣ ਵਿੱਚ ਦਿੱਕਤ ਆਉਂਦੀ ਹੈ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਸਬੰਧੀ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਇਲਾਕੇ ਦੇ ਕੌਂਸਲਰ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਬਰਨਾਲਾ ਅਤੇ ਸੀਵਰੇਜ ਵਿਭਾਗ ਦੀ ਹੋਵੇਗੀ।