- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਵਧ ਰਿਹਾ ਹਕੂਮਤੀ ਜਬਰ ਗੰਭੀਰ ਚਿੰਤਾ ਦਾ ਵਿਸ਼ਾ-ਕਲਾਲਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ 'ਪੁਲਿਸ ਰਾਜ' ਬਣਾਕੇ ਸ਼ਰਨਜੀਤ ਸਿੰਘ ਸ਼ੇਰੋਂ ਉੱਤੇ ਅੰਨ੍ਹਾ ਤਸ਼ੱਦਦ, ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਅਤੇ ਹੁਣ ਕਨੋਈ ਪਿੰਡ ਦੇ ਨੌਜਵਾਨ ਸਨਮਦੀਪ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਘਟਨਾਵਾਂ ਉੱਪਰ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਯਾਦਗਾਰ ਕਮੇਟੀ ਵੱਲੋਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ, ਨਰਾਇਣ ਦੱਤ ਨੇ ਕਿਹਾ ਕਿ ਇਨਸਾਫ਼ ਦੀ ਮੰਗ ਕਰ ਰਹੇ ਸਨਮਦੀਪ ਦੇ ਮਾਪਿਆਂ ਨੂੰ ਆਪਣੇ ਪੁੱਤਰ ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਗਿਆ। ਪੁਲਿਸ ਵੱਲੋਂ ਮਾਪਿਆਂ ਦੀ ਮੌਜ਼ੂਦਗੀ ਅਤੇ ਸਹਿਮਤੀ ਤੋਂ ਬਿਨਾਂ, ਮਾਂ-ਬਾਪ ਨੂੰ ਥਾਣੇ ਡੱਕਕੇ ਸਨਮਦੀਪ ਦੇ ਦਾਦਾ ਦਾਦੀ ਦੇ ਚੀਕਣ ਕੁਰਲਾਉਣ ਦੇ ਬਾਵਜੂਦ ਜ਼ਬਰਦਸਤੀ ਸਸਕਾਰ ਕਰ ਦਿੱਤਾ ਗਿਆ। ਪੁਲਿਸ ਨੇ ਹੋਰ ਵੀ ਹੱਦ ਪਾਰ ਕਰ ਦਿੱਤੀ ਕਿ ਸਨਮਦੀਪ ਦਾ ਸਸਕਾਰ ਵੀ ਕਨੋਈ ਪਿੰਡ ਦੇ ਸ਼ਮਸ਼ਾਨਘਾਟ ਦੀ ਥਾਂ ਸੰਗਰੂਰ ਦੇ ਹੀ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।
ਇਹ ਘਟਨਾਵਾਂ ਪੰਜਾਬ ਅੰਦਰ 90ਵਿਆਂ ਦੇ ਦੌਰਾਨ ਹਕੂਮਤੀ ਅਤੇ ਖਾਲਿਸਤਾਨੀ ਦੇ ਦੌਰ ਦੀ ਯਾਦ ਤਾਜ਼ਾ ਕਰਵਾ ਰਹੀਆਂ ਹਨ ਜਦੋਂ ਪੁਲਿਸ ਸਿੱਖ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਾਉਣੇ ਅਣਪਛਾਤੇ ਦੱਸਕੇ ਅਣਦੱਸੀਆਂ ਥਾਵਾਂ 'ਤੇ ਸਸਕਾਰ ਕਰ ਰਹੀ ਸੀ। ਮਾਪੇ ਆਪਣੇ ਪੁੱਤਾਂ ਦੇ ਮੂੰਹ ਵੇਖਣ ਨੂੰ ਵੀ ਤਰਸਦੇ ਰਹੇ। ਪੁਲਿਸ ਦਾ ਅਜਿਹਾ ਜਾਬਰ ਰੁਖ ਵੇਖ ਕੇ 1995 ਵਿੱਚ ਮਹਿਲਕਲਾਂ ਇਲਾਕੇ ਦੇ ਪਿੰਡ ਕਿਰਪਾਲ ਸਿੰਘ ਵਾਲਾ ਦੇ ਮਜ਼ਦੂਰ ਪਿਆਰਾ ਸਿੰਘ ਦੀ ਘਟਨਾ ਯਾਦ ਆ ਜਾਂਦੀ ਹੈ। ਮਾਮੂਲੀ ਚੋਰੀ ਦੇ ਕੇਸ ਵਿੱਚ ਮਹਿਲਕਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਦਲਿਤ ਮਜ਼ਦੂਰ ਪਿਆਰਾ ਸਿੰਘ ਨੂੰ ਥਾਣੇ ਵਿੱਚ ਹੀ ਤਸ਼ੱਦਦ ਕਰਕੇ ਮਾਰ ਦਿੱਤਾ। ਅਗਲੇ ਦਿਨ ਬਰਨਾਲਾ ਪੁਲਿਸ ਕਿਰਪਾਲ ਸਿੰਘ ਵਾਲਾ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਕੇ ਸਿਆਸੀ ਪਾਰਟੀਆਂ ਦੇ ਕੁੱਝ ਚਿਹਰਿਆਂ ਦੀ ਸਹਿਮਤੀ ਨਾਲ, ਮਜ਼ਦੂਰ ਪਿਆਰਾ ਸਿੰਘ ਦੀ ਲਾਸ਼ ਦਾ ਜਬਰੀ ਸਸਕਾਰ ਕਰਨ ਲਈ ਲੈ ਆਈ। ਪੁਲਿਸ ਦੀ ਇਸ ਕਾਰਵਾਈ ਦਾ ਇਲਾਕੇ ਵਿੱਚ ਮੌਜੂਦ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਪਤਾ ਲੱਗ ਗਿਆ ਸੀ। ਜਿਉਂ ਹੀ ਪੁਲਿਸ ਪਿਆਰਾ ਸਿੰਘ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟ ਨੇੜੇ ਪੁੱਜੀ ਤਾਂ ਇਲਾਕਾ ਨਿਵਾਸੀਆਂ ਦੇ ਸਰਗਰਮ ਜਥੇਬੰਦਕ ਸਹਿਯੋਗ ਨਾਲ ਪੁਲਿਸ ਦੇ ਪਿਆਰਾ ਸਿੰਘ ਦੇ ਜਬਰੀ ਸਸਕਾਰ ਕਰਨ ਦੀ ਇਰਾਦਿਆਂ ਤੇ ਪਾਣੀ ਫੇਰ ਦਿੱਤਾ।
ਪਿਆਰਾ ਸਿੰਘ ਦਾ ਸਸਕਾਰ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਅਤੇ ਪੋਸਟ ਮਾਰਟਮ ਕਰਵਾਉਣ ਕਰਨ ਉਪਰੰਤ ਹੀ ਕੀਤਾ। ਕੇਸ ਦੀ ਪੈਰਵਾਈ ਸੰਘਰਸ਼ ਕਮੇਟੀ ਨੇ ਪੂਰੀ ਤਨਦੇਹੀ ਨਾਲ ਕੀਤੀ। ਪੁਲਿਸ ਭਲੇ ਹੀ ਮਜ਼ਦੂਰ ਪਿਆਰਾ ਸਿੰਘ ਦੀ ਪਤਨੀ ਨੂੰ ਚੰਦ ਛਿੱਲੜਾਂ ਬਦਲੇ ਖਰੀਦਣ ਵਿੱਚ ਕਾਮਯਾਬ ਹੋ ਗਈ ਪਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਦਿੱਤੀਆਂ ਗਵਾਹੀਆਂ ਉਸ ਸਮੇਂ ਦੇ ਮਹਿਲਕਲਾਂ ਪੁਲਿਸ ਥਾਣੇ ਦੇ ਐੱਸਐੱਚਓ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਹਾਸਲ ਕੀਤੀ। ਯਾਦਗਰ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਕਾਲਸਾਂ, ਗੁਰਮੀਤ ਸਿੰਘ ਸੁਖਪੁਰਾ,ਜਰਨੈਲ ਸਿੰਘ, ਪ੍ਰੇਮ ਕੁਮਾਰ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਨਿਰਮਲ ਸਿੰਘ ਚੁਹਾਣਕੇਕਲਾਂ, ਹਰਪ੍ਰੀਤ ਸਿੰਘ ਮਹਿਲਕਲਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਵਿਖਾਵਾ ਕਰ ਰਹੀ ਹੈ ਦੂਜੇ ਪਾਸੇ ਸਿਆਸਤਦਾਨਾਂ ਦੀ ਸ਼ਹਿ ਤੇ ਨਸ਼ਿਆਂ ਦੀ ਗੰਭੀਰ ਤ੍ਰਾਸਦੀ ਨੂੰ ਸਾਹਮਣੇ ਲਿਆਉਣ ਵਾਲਿਆਂ ਨੂੰ ਸਿਆਸਤਦਾਨ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਰਹੇ ਹਨ।
ਇਹ ਇਸ ਗੱਲ ਦਾ ਸੂਚਕ ਹੈ ਕਿ ਨਸ਼ਾ ਤਸਕਰਾਂ ਦਾ ਸਿਆਸਤਦਾਨਾਂ ਨਾਲ ਗਹਿਰਾ ਰਿਸ਼ਤਾ ਹੈ। ਇਨਸਾਫਪਸੰਦ ਲੋਕਾਂ ਨੂੰ ਮਹਿਲਕਲਾਂ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਵਾਪਰ ਰਹੀਆਂ ਉੱਪਰੋਥਲੀ ਪੁਲਿਸ ਜਬਰ ਦੀਆਂ ਇੱਕ ਤੋਂ ਬਾਅਦ ਇੱਕ ਸ਼ਰਮਨਾਕ ਘਟਨਾਵਾਂ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦਾ ਪੜੁੱਲ ਬੰਨ੍ਹਕੇ ਹਕੂਮਤ ਦੇ ਜਬਰ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ। ਅਜਿਹਾ ਕਰਦਿਆਂ ਹੀ ਸਨਮਦੀਪ ਦੇ ਮਾਪਿਆਂ ਦੀਆਂ ਚੀਕਾਂ ਨੂੰ ਰੋਹਲੇ ਬਾਣਾਂ ਵਿੱਚ ਤਬਦੀਲ ਕਰਕੇ ਇਨਸਾਫ਼ ਦਿਵਾਇਆ ਜਾ ਸਕਦਾ ਹੈ। ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਪਰਦਾਫ਼ਾਸ਼ ਕੀਤਾ ਜਾ ਸਕਦਾ ਹੈ।