ਸਿਹਤ ਵਿਭਾਗ ਦਾ ਕਾਰਨਾਮਾ : 33 ਦਿਨਾਂ ਤੋਂ ਹਸਪਤਾਲ ਦਾ ਬਲੱਡ ਬੈਂਕ ਬੰਦ ਪਿਆ
ਅਪਡੇਟ ਫਾਈਲ ਨੰਬਰ 12
Publish Date: Wed, 25 Feb 2026 06:16 PM (IST)
Updated Date: Wed, 25 Feb 2026 06:19 PM (IST)
- ਸੰਘਰਸ਼ਾਂ ਤੋਂ ਬਾਅਦ ਮਿਲੀ ਸਹੂਲਤ ’ਤੇ ਫਿਰਿਆ ਪਾਣੀ
- ਪ੍ਰਾਈਵੇਟ ਹਸਪਤਾਲਾਂ ਦੀ ਹਮਾਇਤ ਦੇ ਲੱਗ ਰਹੇ ਦੋਸ਼
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਖ਼ੂਨ, ਜਿਸ ਨੂੰ ਕੁਦਰਤ ਦਾ ਸਭ ਤੋਂ ਬੇਸ਼ਕੀਮਤੀ ਤੋਹਫ਼ਾ ਤੇ ਜੀਵਨ ਦੀ ਡੋਰ ਮੰਨਿਆ ਜਾਂਦਾ ਹੈ, ਬਰਨਾਲਾ ਦੇ ਸਰਕਾਰੀ ਸਿਵਲ ਹਸਪਤਾਲ ’ਚ ਪ੍ਰਬੰਧਕੀ ਨਾਕਾਮੀ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪਿਛਲੇ 33 ਦਿਨਾਂ ਤੋਂ ਹਸਪਤਾਲ ਦਾ ਬਲੱਡ ਬੈਂਕ ਬੰਦ ਪਿਆ ਹੈ, ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਨੱਕ ਹੇਠ ਲੋੜਵੰਦ ਬਲੱਡ ਬੈਂਕਾਂ ਹੱਥੋਂ ਲੁੱਟ ਕਰਵਾਉਣ ਲਈ ਮਜਬੂਰ ਹੈ।
ਸੰਘਰਸ਼ਾਂ ਤੋਂ ਬਾਅਦ ਮਿਲੀ ਸਹੂਲਤ ’ਤੇ ਫਿਰਿਆ ਪਾਣੀ : ਜ਼ਿਕਰਯੋਗ ਹੈ ਕਿ ਲੰਬੇ ਸਮੇਂ ਦੇ ਸੰਘਰਸ਼ਾਂ ਤੋਂ ਬਾਅਦ ਬਲੱਡ ਬੈਂਕ ਨੂੰ ਤੀਜੀ ਮੰਜ਼ਿਲ ਤੋਂ ਗਰਾਊਂਡ ਫਲੋਰ (ਜ਼ਮੀਨੀ ਮੰਜ਼ਿਲ) ’ਤੇ ਲਿਆਂਦਾ ਗਿਆ ਸੀ ਤਾਂ ਜੋ ਖ਼ੂਨਦਾਨੀਆਂ ਤੇ ਲੋੜਵੰਦਾਂ ਨੂੰ ਸਹੂਲਤ ਹੋ ਸਕੇ। ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੱਡ ਬੈਂਕ ਦੀਆਂ ਜ਼ਰੂਰੀ ਸ਼ਰਤਾਂ ਤੇ ਮਾਪਦੰਡ ਪੂਰੇ ਨਾ ਹੋਣ ਕਾਰਨ ਇਸ ਨੂੰ ਬੰਦ ਕਰਨਾ ਪਿਆ ਹੈ। ਇਹ ਸਿੱਧੇ ਤੌਰ ’ਤੇ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਦੀ ਅਣਗਹਿਲੀ ਵੱਲ ਇਸ਼ਾਰਾ ਕਰਦਾ ਹੈ।
ਪ੍ਰਾਈਵੇਟ ਹਸਪਤਾਲਾਂ ਦੀ ਹਮਾਇਤ ਦੇ ਲੱਗ ਰਹੇ ਦੋਸ਼ : ਬਲੱਡ ਬੈਂਕ ਬੰਦ ਹੋਣ ਨਾਲ ਨਾ ਸਿਰਫ਼ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਸਗੋਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਹਰ ਮਹੀਨੇ ਖ਼ੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਹੁਣ ਸਟਾਫ਼ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਇੱਕ ਪਾਸੇ ਪੰਜਾਬ ਸਰਕਾਰ ਸਿਹਤ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਬਰਨਾਲਾ ਵਰਗੇ ਵੱਡੇ ਸ਼ਹਿਰ ’ਚ ਮੁੱਖ ਸਰਕਾਰੀ ਬਲੱਡ ਬੈਂਕ ਦਾ ਬੰਦ ਹੋਣਾ ਪ੍ਰਸ਼ਾਸਨਿਕ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਬਿਨਾਂ ਖ਼ੂਨ ਦੇ ਕਿਸੇ ਵੀ ਹਾਦਸੇ ਜਾਂ ਐਮਰਜੈਂਸੀ ਦੌਰਾਨ ਹੋਣ ਵਾਲੇ ਜਾਨੀ ਨੁਕਸਾਨ ਦੀ ਭਰਪਾਈ ਕੌਣ ਕਰੇਗਾ।