ਚੋਰ ਪੰਜ ਹਜ਼ਾਰ ਦੀ ਨਗਦੀ ਲੈ ਕੇ ਫ਼ਰਾਰ
ਚੋਰ ਪੰਜ ਹਜਾਰ ਦੀ ਨਗਦੀ ਲੈ ਕੇ ਫਰਾਰ
Publish Date: Wed, 18 Feb 2026 04:20 PM (IST)
Updated Date: Wed, 18 Feb 2026 04:24 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਰਾਏਕੋਟ ਰੋਡ ’ਤੇ ਸਥਿਤ ਪੁਲਸ ਸਟੇਸ਼ਨ ਸਿਟੀ-2 ਦੇ ਨਜ਼ਦੀਕ ਬਰਨਾਲਾ ਟਾਈਲ ਐਂਡ ਗ੍ਰੇਨਾਈਟ ਹਾਊਸ ’ਚ ਬੀਤੀ ਰਾਤ ਚੋਰੀ ਦੀ ਖ਼ਬਰ ਮਿਲੀ ਹੈ। ਪੁਲਸ ਸਟੇਸ਼ਨ ਦੇ ਇੰਨੇ ਕਰੀਬ ਸਥਿਤ ਦੁਕਾਨ ’ਚ ਚੋਰੀ ਦੀ ਘਟਨਾ ਨੇ ਖੇਤਰ ’ਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਜਾਂਚ ’ਚ ਜੁੱਟ ਗਈ ਹੈ। ਦੁਕਾਨ ਦੇ ਮਾਲਕ ਕਰਨ ਗਰਗ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਨੇ ਚੋਰੀ ਲਈ ਸ਼ਾਤਿਰਾਨਾ ਤਰੀਕਾ ਅਪਣਾਇਆ। ਰਾਤ ਦੇ ਸਮੇਂ ਅਣਪਛਾਤਾ ਵਿਅਕਤੀ ਟਾਈਲ ਹਾਊਸ ਦੇ ਮੁੱਖ ਲੋਹੇ ਦੇ ਗੇਟ ਦੇ ਉੱਪਰੋਂ ਛਾਲ ਮਾਰ ਕੇ ਅੰਦਰ ਦਾਖਲ ਹੋਇਆ। ਅੰਦਰ ਵੜਨ ਤੋਂ ਬਾਅਦ ਉਸ ਨੇ ਦਫ਼ਤਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਅੰਦਰ ਦਾਖ਼ਲ ਹੋਇਆ। ਕਰਨ ਗਰਗ ਅਨੁਸਾਰ ਚੋਰ ਨੇ ਦਫਤਰ ਦੇ ਗੱਲੇ ਦੀ ਤਲਾਸ਼ੀ ਲਈ ਅਤੇ ਉਸ ’ਚ ਪਈ ਲਗਭਗ 5,000 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਦਫ਼ਤਰ ’ਚ ਲੈਪਟਾਪ ਅਤੇ ਹੋਰ ਕਈ ਕੀਮਤੀ ਯੰਤਰ ਪਏ ਸਨ ਪਰ ਚੋਰ ਦੀ ਨਜ਼ਰ ਉਨ੍ਹਾਂ ’ਤੇ ਨਹੀਂ ਪਈ ਜਾਂ ਸ਼ਾਇਦ ਉਹ ਸਿਰਫ ਨਕਦੀ ਲੈ ਕੇ ਜਲਦੀ ਤੋਂ ਜਲਦੀ ਭੱਜਣਾ ਚਾਹੁੰਦਾ ਸੀ। ਚੋਰੀ ਦੀ ਇਹ ਪੂਰੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਹੈ। ਫੁਟੇਜ਼ ’ਚ ਇੱਕ ਅਣਪਛਾਤੇ ਵਿਅਕਤੀ ਨੂੰ ਦਫ਼ਤਰ ’ਚ ਵੜਦੇ ਅਤੇ ਗੱਲਾ ਫਰੋਲਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ। ਮਾਲਕ ਨੇ ਦੱਸਿਆ ਕਿ ਸਵੇਰੇ ਦੁਕਾਨ ਖੋਲ੍ਹਣ ’ਤੇ ਜਦੋਂ ਸ਼ੀਸ਼ਾ ਟੁੱਟਿਆ ਦੇਖਿਆ ਤਾਂ ਉਨ੍ਹਾਂ ਨੂੰ ਚੋਰੀ ਦਾ ਅਹਿਸਾਸ ਹੋਇਆ, ਜਿਸ ਤੋਂ ਤੁਰੰਤ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਟੀ-2 ਦੀ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਪੁਲਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।