- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਨਾਵਲਕਾਰ ਰਾਜ ਕਮਲ ਸਾਹਿਤ ਸਭਾ ਵੱਲੋਂ ਟੰਡਨ ਇੰਟਰਨੈਸ਼ਨਲ ਸਕੂਲ 'ਚ ਪ੍ਰਸਿੱਧ ਲੇਖਕ ਬੇਅੰਤ ਸਿੰਘ ਬਾਜਵਾ ਦੇ ਨਵੇਂ ਕਹਾਣੀ ਸੰਗ੍ਰਹਿ ‘ਫਾਈਲ ਨੰਬਰ ਜ਼ੀਰੋ’ ਨੂੰ ਵਿਧੀਵਤ ਤੌਰ ’ਤੇ ਲੋਕ-ਅਰਪਣ ਕੀਤਾ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਨਾਵਲਕਾਰ ਰਾਜ ਕਮਲ ਸਾਹਿਤ ਸਭਾ ਵੱਲੋਂ ਟੰਡਨ ਇੰਟਰਨੈਸ਼ਨਲ ਸਕੂਲ 'ਚ ਪ੍ਰਸਿੱਧ ਲੇਖਕ ਬੇਅੰਤ ਸਿੰਘ ਬਾਜਵਾ ਦੇ ਨਵੇਂ ਕਹਾਣੀ ਸੰਗ੍ਰਹਿ ‘ਫਾਈਲ ਨੰਬਰ ਜ਼ੀਰੋ’ ਨੂੰ ਵਿਧੀਵਤ ਤੌਰ ’ਤੇ ਲੋਕ-ਅਰਪਣ ਕੀਤਾ ਗਿਆ। ਸਮਾਗਮ 'ਚ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵੱਡੀ ਗਿਣਤੀ 'ਚ ਨਾਮਵਰ ਸਾਹਿਤਕਾਰਾਂ, ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਪਤਵੰਤਿਆਂ ਨੇ ਹਾਜ਼ਰੀ ਭਰੀ।
ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਨੇ ਕੀਤੀ। ਉਨ੍ਹਾਂ ਪੰਜਾਬੀ ਕਹਾਣੀ ਦੀ ਅਮੀਰ ਪਰੰਪਰਾ ਤੇ ਸਮਕਾਲੀ ਸਾਹਿਤ ਦੇ ਸਮਾਜਿਕ ਸਰੋਕਾਰਾਂ ਉੱਤੇ ਰੌਸ਼ਨੀ ਪਾਈ। ਡਾ. ਭੁਪਿੰਦਰ ਸਿੰਘ ਬੇਦੀ ਨੇ ਖੋਜ-ਪੱਤਰ ਪੜ੍ਹਦਿਆਂ ਕਿਹਾ ਕਿ ਇਹ ਕਹਾਣੀ ਸੰਗ੍ਰਹਿ ਜੀਵਨ ਦੇ ਡੂੰਘੇ ਅਨੁਭਵਾਂ ਤੇ ਯਥਾਰਥ ਨੂੰ ਬਾਖ਼ੂਬੀ ਪੇਸ਼ ਕਰਦਾ ਹੈ।
ਮੁੱਖ ਮਹਿਮਾਨ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲੇਖਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਹਿਤਕਾਰ ਸਮਾਜ ਦੇ ਅਸਲ ਪਹਿਰੇਦਾਰ ਹੁੰਦੇ ਹਨ, ਜੋ ਆਪਣੀ ਕਲਮ ਰਾਹੀਂ ਸਮਾਜ ਨੂੰ ਸੇਧ ਦਿੰਦੇ ਹਨ। ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਸ਼ਿਵ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਤੇ ਸਮਾਜ ਦੀ ਮਾਨਸਿਕ ਚੇਤਨਾ ਦਾ ਆਧਾਰ ਹੁੰਦੀਆਂ ਹਨ।
ਉਨ੍ਹਾਂ ਜ਼ੋਰ ਦਿੱਤਾ ਕਿ ਮੌਜੂਦਾ ਡਿਜੀਟਲ ਯੁੱਗ ਵਿੱਚ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਤੇ ਮਾਂ-ਬੋਲੀ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਮਾਗਮ ਦੇ ਮੰਚ ਦੀ ਸਫ਼ਲ ਸੰਚਾਲਨ ਜ਼ਿੰਮੇਵਾਰੀ ਪ੍ਰੋ. ਭਾਰਤ ਭੂਸ਼ਣ ਤੇ ਗੁਰਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗਮ ਦੇ ਅੰਤ 'ਚ ਲੇਖਕ ਬੇਅੰਤ ਸਿੰਘ ਬਾਜਵਾ ਨੇ ਪੁਸਤਕ ਦੇ ਲੋਕ-ਅਰਪਣ 'ਚ ਸਹਿਯੋਗ ਦੇਣ ਲਈ ਪ੍ਰਬੰਧਕਾਂ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਗੋਇਲ, ਸੁਰਿੰਦਰ ਮਿੱਤਲ, ਕੁਲਦੀਪ ਸਹੌਰੀਆ, ਰਵਿੰਦਰ ਬਾਂਸਲ, ਹਰਮੇਲ ਸਿੰਘ, ਭੋਜ ਰਾਜ, ਸੰਜੇ ਬਾਂਸਲ, ਸੁਖਦਰਸ਼ਨ ਸਦਿਓੜਾ, ਗੁਰਸੇਵਕ ਸਿੰਘ ਧੌਲਾ, ਹਰਿੰਦਰ ਪਾਲ ਨਿੱਕਾ, ਐਡਵੋਕੇਟ ਕੁਲਵੰਤ ਰਾਏ ਗੋਇਲ ਸਮੇਤ ਵੱਡੀ ਗਿਣਤੀ 'ਚ ਕਵੀ ਤੇ ਸਾਹਿਤ ਪ੍ਰੇਮੀ ਮੌਜੂਦ ਸਨ।