- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਵਾਨੀਗੜ੍ਹ ਮੰਡੀ ’ਚ ਅਵਾਰਾ ਪਸ਼ੂਆਂ ਦਾ ਕਹਿਰ, ਕਿਸਾਨ ਪ੍ਰੇਸ਼ਾਨ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਤੋਂ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਵੱਡੀ ਗਿਣਤੀ ਵਿੱਚ ਘੁੰਮ ਰਹੇ ਅਵਾਰਾ ਪਸ਼ੂ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਛੇ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਫ਼ਸਲ ਨੂੰ ਅਵਾਰਾ ਪਸ਼ੂ ਖਾ ਰਹੇ ਹਨ ਅਤੇ ਫ਼ਸਲ ਉੱਪਰ ਗੋਬਰ ਕਰਨ ਕਾਰਨ ਵੀ ਝੋਨਾ ਖ਼ਰਾਬ ਹੋ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਰਾਖੀ ਲਈ ਵਾਧੂ ਮੁਸ਼ੱਕਤ ਕਰਨੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ 2 ਅਕਤੂਬਰ ਨੂੰ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਕਰਵਾਈ ਗਈ ਸੀ। ਇਸ ਦੇ ਬਾਵਜੂਦ 4 ਅਕਤੂਬਰ ਤੱਕ ਮੰਡੀ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਬਰਕਰਾਰ ਹੈ। ਮੰਡੀ ਵਿੱਚ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਤੋਂ ਇਲਾਵਾ ਮੰਡੀ ਦੇ ਅੰਦਰ ਵੱਡੀ ਗਿਣਤੀ ਵਿੱਚ ਟਰੱਕ ਅਤੇ ਹੋਰ ਵਾਹਨ ਪਾਰਕ ਕੀਤੇ ਹੋਏ ਹਨ। ਫ਼ਸਲ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਇਸ ਕਾਰਨ ਵੀ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-----
ਅਵਾਰਾ ਪਸ਼ੂਆਂ ਨੂੰ ਅਸੀਂ ਗਊਸ਼ਾਲਾ ਛੱਡ ਆਏ ਸੀ : ਸੈਕਟਰੀ
ਇਸ ਸਬੰਧੀ ਜਦੋਂ ਭਵਾਨੀਗੜ੍ਹ ਮਾਰਕੀਟ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿੱਚੋਂ ਪਹਿਲਾਂ ਵੀ ਅਵਾਰਾ ਪਸ਼ੂ ਫੜ ਕੇ ਗਊਸ਼ਾਲਾ ਵਿੱਚ ਛੱਡੇ ਗਏ ਸਨ, ਪਰ ਇਹ ਮੁੜ ਮੰਡੀ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਪਸ਼ੂਆਂ ਨੂੰ ਵੀ ਜਲਦ ਫੜ ਕੇ ਗਊਸ਼ਾਲਾ ਭੇਜਿਆ ਜਾਵੇਗਾ।
ਮੰਡੀ ਵਿੱਚ ਖੜ੍ਹੇ ਟਰੱਕਾਂ ਸਬੰਧੀ ਸੈਕਟਰੀ ਨੇ ਕਿਹਾ ਕਿ ਇਹ ਟਰੱਕ ਉਸੇ ਦਿਨ ਮੰਡੀ ਵਿੱਚੋਂ ਬਾਹਰ ਕਢਵਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਕਿਸਾਨ ਵੀ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਵੱਲੋਂ ਹੀ ਪਸ਼ੂ ਛੱਡੇ ਜਾਂਦੇ ਹਨ।
ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਅਨਾਜ ਮੰਡੀ ਵਿੱਚੋਂ ਅਵਾਰਾ ਪਸ਼ੂ ਅਤੇ ਵਾਧੂ ਵਾਹਨ ਕਦੋਂ ਹਟਾਏ ਜਾਂਦੇ ਹਨ ਅਤੇ ਕਿਸਾਨਾਂ ਦੀ ਫ਼ਸਲ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਪ੍ਰਬੰਧ ਕਦੋਂ ਤੱਕ ਮੁਕੰਮਲ ਹੁੰਦੇ ਹਨ।