ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਰਨਾਲਾ ਵਾਸੀਆਂ ਨੂੰ ਸੌਗਾਤ: ਨਵੇਂ ਦਫ਼ਤਰ ਤੇ ਆਨਲਾਈਨ ਹੈਲਪਡੈਸਕ ਦੀ ਸ਼ੁਰੂਆਤ
ਇਸ ਮੌਕੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਉਹ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਨਗਰ ਨਿਗਮ ’ਚ ਇਸ ਸਹਾਇਤਾ ਕੇਂਦਰ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਨੂੰ ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਉਹ ਨਿਗਮ ਨਾਲ ਸੰਬੰਧਿਤ ਆਪਣੇ ਕੰਮਕਾਜ ਖੁਦ ਆਨਲਾਈਨ ਕਰ ਸਕਣਗੇ। ਹੁਣ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਪਵੇਗੀ, ਸਗੋਂ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ।
Publish Date: Sun, 16 Aug 2026 02:28 PM (IST)
Updated Date: Sun, 16 Aug 2026 02:32 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ ’ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਾਸੀਆਂ ਲਈ ਕਈ ਅਹਿਮ ਸਹੂਲਤਾਂ ਦਾ ਉਦਘਾਟਨ ਕੀਤਾ। ਨਗਰ ਕੌਸਲ ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣ ਉਪਰੰਤ, ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਨਗਰ ਨਿਗਮ ਨਾਲ ਸੰਬੰਧਿਤ ਸਮੁੱਚੇ ਕੰਮਕਾਜ ਨੂੰ ਆਨਲਾਈਨ ਕਰਦਿਆਂ ਇੱਕ ਨਵੇਂ ਹੈਲਪਡੈਸਕ (ਸਹਾਇਤਾ ਕੇਂਦਰ) ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਦੇ ਨਾਲ ਹੀ, ਨਗਰ ਨਿਗਮ ਦੀ ਆਲੀਸ਼ਾਨ ਇਮਾਰਤ ਵਿੱਚ ਨਵ-ਨਿਯੁਕਤ ਮੇਅਰ ਅਤੇ ਚੁਣੇ ਹੋਏ 50 ਕੌਂਸਲਰਾਂ ਦੇ ਬੈਠਣ ਲਈ ਇੱਕ ਨਵੇਂ ਆਧੁਨਿਕ ਦਫ਼ਤਰ ਦਾ ਵੀ ਰਸਮੀ ਉਦਘਾਟਨ ਕੀਤਾ ਗਿਆ।
ਇੱਕੋ ਛੱਤ ਹੇਠ ਮਿਲਣਗੀਆਂ ਸਾਰੀਆਂ ਸੇਵਾਵਾਂ : ਮੀਤ ਹੇਅਰ
ਇਸ ਮੌਕੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਉਹ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਨਗਰ ਨਿਗਮ ’ਚ ਇਸ ਸਹਾਇਤਾ ਕੇਂਦਰ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ ਨੂੰ ਸਰਕਾਰੀ ਸਕੀਮਾਂ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਉਹ ਨਿਗਮ ਨਾਲ ਸੰਬੰਧਿਤ ਆਪਣੇ ਕੰਮਕਾਜ ਖੁਦ ਆਨਲਾਈਨ ਕਰ ਸਕਣਗੇ। ਹੁਣ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਪਵੇਗੀ, ਸਗੋਂ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ।
ਘਰ-ਘਰ ਲੱਗਣਗੇ ਕਿਊ-ਆਰ ਸਕੈਨਰ ਕੋਡ
ਸ਼ਹਿਰ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੰਦਿਆਂ MP ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਪੰਜਾਬ ਦਾ ਅਜਿਹਾ ਪਹਿਲਾ ਨਗਰ ਨਿਗਮ ਬਣੇਗਾ, ਜਿੱਥੇ ਹਰ ਰਿਹਾਇਸ਼ੀ ਅਤੇ ਵਪਾਰਕ ਜਾਇਦਾਦ ਦੇ ਬਾਹਰ ਸਕੈਨਰ ਕੋਡ ਲਗਾਇਆ ਜਾਵੇਗਾ। ਇਸ ਦੀ ਸ਼ੁਰੂਆਤ ਆਜ਼ਾਦੀ ਦਿਹਾੜੇ ਤੋਂ ਕਰ ਦਿੱਤੀ ਗਈ ਹੈ। ਇਸ ਸੁਵਿਧਾ ਰਾਹੀਂ ਲੋਕ ਆਪਣੇ ਮੋਬਾਈਲ ਫ਼ੋਨ ਤੋਂ ਘਰ ਦੇ ਬਾਹਰ ਲੱਗੇ ਸਕੈਨਰ ਨੂੰ ਸਕੈਨ ਕਰਕੇ ਆਪਣੇ ਘਰ ਜਾਂ ਦੁਕਾਨ ਨਾਲ ਸੰਬੰਧਿਤ ਮੁਕੰਮਲ ਜਾਣਕਾਰੀ ਹਾਸਲ ਕਰ ਸਕਣਗੇ।
ਇਸ ਮੌਕੇ ਮੈਂਬਰ ਪਾਰਲੀਮੈਂਟ ਨਾਲ ਮੇਅਰ ਹਸਨਪ੍ਰੀਤ ਭਾਰਦਵਾਜ਼, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਜਸਵਿੰਦਰ ਸਿੰਘ, ਨਗਰ ਨਿਗਮ ਦੇ ਸਮੂਹ ਕੌਂਸਲਰ, ਅਧਿਕਾਰੀ ਅਤੇ ਕਰਮਚਾਰੀਆਂ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।