ਐੱਮਪੀ ਮੀਤ ਹੇਅਰ ਵੱਲੋਂ ਸੀਪੀਐੱਸ ਲੈਬ ਦਾ ਉਦਘਾਟਨ
ਸੰਸਦ ਮੈਂਬਰ ਮੀਤ ਹੇਅਰ ਵੱਲੋਂ ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਅਤਿ-ਆਧੁਨਿਕ ਆ
Publish Date: Wed, 25 Feb 2026 06:00 PM (IST)
Updated Date: Wed, 25 Feb 2026 06:01 PM (IST)

- ਭੌਂ ਟੈਸਟਿੰਗ ਤੇ ਮੌਸਮ ਭਵਿੱਖਬਾਣੀ ਵਾਲੇ ਯੰਤਰਾਂ ’ਤੇ ਆਧਾਰਿਤ ਸਿਖਲਾਈ ਨੌਜਵਾਨਾਂ ਲਈ ਹੋਵੇਗੀ ਸਹਾਈ : ਮੀਤ ਹੇਅਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਬਡਬਰ ਬਰਨਾਲਾ ਵਿਖੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਅਤਿ-ਆਧੁਨਿਕ ਆਈਆਈਟੀ ਰੋਪੜ ਸੀਪੀਐੱਸ (ਸਾਈਬਰ ਫਿਜ਼ੀਕਲ ਲੈਬ) ਲੈਬ ਦਾ ਉਦਘਾਟਨ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਤਕਨੀਕੀ ਖੇਤਰ ’ਚ ਅੱਗੇ ਵਧ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਧੁਨਿਕ ਤਕਨੀਕ ਅਤੇ ਨਵੀਂ ਸੋਚ ਨੂੰ ਅਪਣਾ ਕੇ ਆਪਣੇ ਸੁਪਨੇ ਸਾਕਾਰ ਕਰਨ ਅਤੇ ਇਸ ਤਕਨੀਕ ਨੂੰ ਕਿਸਾਨੀ ਤੇ ਸਮਾਜ ਦੇ ਹਿੱਤ ’ਚ ਵਰਤਣ। ਉਨ੍ਹਾਂ ਨੇ ਕਾਲਜ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ ਅਤੇ ਇਸ ਪ੍ਰਾਜੈਕਟ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਲੈਬ ’ਚ ਭੌਂ ਟੈਸਟਿੰਗ ਅਤੇ ਮੌਸਮ ਭਵਿੱਖਬਾਣੀ ਵਾਲੇ ਯੰਤਰ ਹਨ, ਜਿਨ੍ਹਾਂ ਦੇ ਆਧਾਰ ਉੱਤੇ ਵਿਦਿਆਰਥੀ ਪ੍ਰਯੋਗਾਤਮਕ ਸਿਖਲਾਈ ਹਾਸਲ ਕਰਨਗੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਲੈਬ ਆਈਆਈਟੀ ਰੋਪੜ ਟੈਕਨਾਲੋਜੀ ਅਤੇ ਇਨੋਵੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ। ਇਸ ਲੈਬ ਰਾਹੀਂ ਵਿਦਿਆਰਥੀਆਂ ਨੂੰ ਏਆਈ, ਆਈਓਟੀ, ਰੋਬੋਟਿਕਸ, ਸੈਂਸਰ ਇੰਟਰਫੇਸਿੰਗ, ਡਾਟਾ ਲਾਗਿੰਗ, ਆਟੋਮੇਸ਼ਨ ਸਿਸਟਮ ਅਤੇ ਮਿੱਟੀ ਤੇ ਮੌਸਮੀ ਨਿਰੀਖਣ ਬਾਰੇ ਪ੍ਰਯੋਗਾਤਮਕ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਆਈਆਈਟੀ ਦੀ ਟੀਮ ਵੱਲੋਂ ਪ੍ਰਾਜੈਕਟ ਕੋਆਰਡੀਨੇਟਰ ਪੁਲਕਿਤ ਕੁਮਾਰ, ਆਸ਼ੂਤੋਸ਼ ਅਤੇ ਸਿਧਾਰਥ ਨੇ ਲੈਬ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਰਵਿੰਦਰ ਸਿੰਘ ਧਾਲੀਵਾਲ, ਵਿਭਾਗ ਮੁਖੀ ਜਗਦੀਪ ਸਿੰਘ ਸਿੱਧੂ ਈਸੀਈ, ਕ੍ਰਿਸ਼ਨ ਸਿੰਘ ਅਪਲਾਇਡ ਸਾਇੰਸ, ਜਸਵੀਰ ਸਿੰਘ ਗਿੱਲ ਇਲੈਕਟ੍ਰੀਕਲ, ਡਾ. ਹਰਜਿੰਦਰ ਸਿੰਘ ਮਕੈਨੀਕਲ, ਵਰਕਸ਼ਾਪ ਸੁਪਰਡੈਂਟ ਰੀਤਵਿੰਦਰ ਸਿੰਘ, ਸੁਪਰਡੈਂਟ ਹਰਪ੍ਰੀਤ ਕੌਰ ਅਤੇ ਸਟਾਫ਼ ਮੈਂਬਰ ਮੌਜੂਦ ਸਨ।