ਬਰਨਾਲਾ ਲਾਠੀਚਾਰਜ ’ਤੇ ਮੇਅਰ ਦਾ ਵੱਡਾ ਬਿਆਨ, ਪੁਲਿਸ ਦੇ ਅੱਤਿਆਚਾਰ ਨੇ ਕਰਮਚਾਰੀਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਨ ਜੋਗਾ ਨਹੀਂ ਛੱਡਿਆ
ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਸ਼ਹਿਰ ’ਚ ਸਿਆਸੀ ਅਤੇ ਪ੍ਰਸ਼ਾਸਨਿਕ ਹਲਚਲ ਤੇਜ਼ ਹੋ ਗਈ ਹੈ। ਇਸ ਪੂਰੇ ਘਟਨਾਕ੍ਰਮ ’ਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਆਪਣਾ ਪੱਖ ਰੱਖਿਆ ਹੈ।
Publish Date: Mon, 27 Jul 2026 03:56 PM (IST)
Updated Date: Mon, 27 Jul 2026 04:01 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਸ਼ਹਿਰ ’ਚ ਸਿਆਸੀ ਅਤੇ ਪ੍ਰਸ਼ਾਸਨਿਕ ਹਲਚਲ ਤੇਜ਼ ਹੋ ਗਈ ਹੈ। ਇਸ ਪੂਰੇ ਘਟਨਾਕ੍ਰਮ ’ਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਆਪਣਾ ਪੱਖ ਰੱਖਿਆ ਹੈ।
ਦੋਸ਼ੀ ਪੁਲਿਸ ਅਧਿਕਾਰੀਆਂ ’ਤੇ ਕਾਰਵਾਈ ਦੀ ਤਿਆਰੀ
ਮੇਅਰ ਭਾਰਦਵਾਜ ਨੇ ਦੱਸਿਆ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਜਾਂਚ ਦੇ ਆਧਾਰ ’ਤੇ ਕੋਈ ਵੱਡੀ ਕਾਰਵਾਈ ਕਰਨੀ ਬਣਦੀ ਹੋਈ, ਤਾਂ ਉਹ ਵੀ ਜ਼ਰੂਰ ਕੀਤੀ ਜਾਵੇਗੀ।
ਘਟਨਾ ’ਤੇ ਸ਼ਰਮਿੰਦਗੀ ਤੇ ਮਾਫ਼ੀ
ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਨੂੰ "ਅੱਤਿਆਚਾਰ" ਗਰਦਾਨਦਿਆਂ ਮੇਅਰ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਸ਼ਰਮਿੰਦਾ ਹਨ। ਇਸ ਪੁਲਿਸ ਕਾਰਵਾਈ ਨੇ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਨ ਜੋਗਾ ਨਹੀਂ ਛੱਡਿਆ। ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਇਸ ਘਟਨਾ ਲਈ ਨਿੱਜੀ ਤੌਰ ’ਤੇ ਮਾਫ਼ੀ ਮੰਗੀ ਹੈ। ਮੇਅਰ ਨੇ ਕਿਹਾ ਕਿ ਮੈਂ ਖ਼ੁਦ ਵੀ ਇਸ ਪੂਰੇ ਘਟਨਾਕ੍ਰਮ ਲਈ ਵਾਰ-ਵਾਰ ਮਾਫ਼ੀ ਮੰਗਦਾ ਹਾਂ।
ਸਫਾਈ ਕਾਮਿਆਂ ਦੇ ਡਾਂਗਾਂ ਨਾਲ ਸਿਰ ਪਾੜਨ ਦਾ ਹੁਕਮ ਹਾਈਕੋਰਟ ਦਾ ਨਹੀਂ ਸੀ
ਜ਼ਿਕਰਯੋਗ ਹੈ ਕਿ ਘਟਨਾ ਵਾਲੇ ਦਿਨ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੂੜੇ ਦੇ ਢੇਰ ਚੁੱਕੇ ਜਾ ਰਹੇ ਸਨ। ਗੱਲਬਾਤ ਦੌਰਾਨ ਮੇਅਰ ਨੇ ਇਹ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਨਿਗਮ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜਾ ਚੁਕਵਾਇਆ ਜਾ ਰਿਹਾ ਹੈ।
ਮੇਅਰ ਨੇ ਕਿਹਾ ਕਿ ਭਾਵੇਂ ਹਾਈਕੋਰਟ ਵੱਲੋਂ ਕੂੜੇ ਦੇ ਢੇਰ ਚੁਕਵਾਉਣ ਦੇ ਹੁਕਮ ਸਨ ਪਰ ਹਾਈਕੋਰਟ ਨੇ ਇਹ ਹੁਕਮ ਕਦੇ ਨਹੀਂ ਦਿੱਤੇ ਸਨ ਕਿ ਸਫ਼ਾਈ ਕਰਮਚਾਰੀਆਂ ’ਤੇ ਡਾਂਗਾਂ ਵਰ੍ਹਾ ਕੇ ਉਨ੍ਹਾਂ ਦੇ ਸਿਰ ਪਾੜ੍ਹ ਦਿੱਤੇ ਜਾਣ। ਉਨ੍ਹਾਂ ਇਸ ਘਟਨਾਕ੍ਰਮ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।
ਮੇਅਰ ਦਾ ਆਪਣੇ ਵਾਰਡ ਨੰਬਰ 44 ਨਾਲ ਛਲਕਿਆ ਦਰਦ
ਮੇਅਰ ਦੀ ਗੱਲਬਾਤ ਅਤੇ ਸਰੀਰਕ ਭਾਸ਼ਾ ਤੋਂ ਇਹ ਸਾਫ਼ ਝਲਕ ਰਿਹਾ ਸੀ ਕਿ ਉਹ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜ਼ਖ਼ਮੀ ਹੋਏ ਜ਼ਿਆਦਾਤਰ ਸਫ਼ਾਈ ਕਰਮਚਾਰੀ ਮੇਅਰ ਦੇ ਆਪਣੇ ਵਾਰਡ ਨੰਬਰ 44 ਨਾਲ ਸਬੰਧਤ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਉਨ੍ਹਾਂ ਨੂੰ ਵੋਟਾਂ ਪਾ ਕੇ ਕੌਂਸਲਰ ਬਣਾਇਆ ਸੀ ਅਤੇ ਜਿਸ ਤੋਂ ਬਾਅਦ ਉਹ ਮੇਅਰ ਦੀ ਕੁਰਸੀ 'ਤੇ ਬਿਰਾਜਮਾਨ ਹੋਏ ਸਨ।
ਨਗਰ ਨਿਗਮ ਬਰਨਾਲਾ ਦੇ ਪਲੇਠੇ ਮੇਅਰ ਹਸਨਪ੍ਰੀਤ ਭਾਰਦਵਾਜ ਦਾ ਸਫਾਈ ਕਾਮਿਆਂ ਪ੍ਰਤੀ ਦਰਦ ਭਾਵੇਂ ਛੇ ਦਿਨ ਬਾਅਦ ਹੀ ਛਲਕਿਆ ਪਰ ਇਹ ਅੱਜ ਦਰਦ ਧੁਰ ਅੰਦਰੋਂ ਛਲਕ ਰਿਹਾ ਸੀ।
ਦੋਵੇਂ ਅਧਿਕਾਰੀਆਂ ਖ਼ਿਲਾਫ਼ ਹੋ ਸਕਦੀ ਹੈ ਸਖ਼ਤ ਕਾਰਵਾਈ
ਹਸਨਪ੍ਰੀਤ ਭਾਰਦਵਾਜ ਦੇ ਗੱਲ ਕਰਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹੈ ਕਿ ਘਟਨਾ ਨਾਲ ਸਬੰਧਤ ਡੀਐੱਸਪੀ ਤੇ ਐੱਸਐੱਚਓ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਮੇਅਰ ਦੀ ਅੱਜ ਵਾਲੀ ਤਾਜ਼ਾ ਗੱਲਬਾਤ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੀ ਪੜ੍ਹਤਾਲ ਦੇ ਆਧਾਰ ’ਤੇ ਦੋਵਾਂ ਅਧਿਕਾਰੀਆਂ ਵਿਰੁੱਧ ਕੋਈ ਹੋਰ ਸਖ਼ਤ ਤੇ ਵੱਡੀ ਕਾਰਵਾਈ ਹੋ ਸਕਦੀ ਹੈ। ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਤੋਂ ਛੇ ਦਿਨਾਂ ਬਾਅਦ ਆਇਆ ਨਗਰ ਨਿਗਮ ਮੇਅਰ ਦਾ ਸਫਾਈ ਕਾਮਿਆਂ ਦੇ ਹੱਕ ਚ ਦਿੱਤਾ ਬਿਆਨ ਇਸ ਵੇਲੇ ਪੂਰੇ ਸ਼ਹਿਰ 'ਚ ਭਾਰੀ ਚਰਚਾ ਦਾ ਵੀ ਵਿਸਾ ਬਣਿਆ ਹੋਇਆ ਹੈ।