- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ 'ਚ ਸਿਹਤ ਵਿਭਾਗ ਦੀ ਵੱਡੀ ਛਾਪੇਮਾਰੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਤਿਉਹਾਰਾਂ ਦੇ ਦਿਨਾਂ ਨੂੰ ਵੇਖਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਵਾਸਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਸ਼ੁੱਕਰਵਾਰ ਸਵੇਰੇ ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਸ਼ਹਿਰ ਵਿੱਚ ਥਾਂ-ਥਾਂ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ। ਇਸ ਚੈਕਿੰਗ ਦੌਰਾਨ ਟੀਮ ਨੇ ਵੱਡੀ ਮਾਤਰਾ ਵਿੱਚ ਸ਼ੱਕੀ ਖੋਆ, ਮਿਲਕ ਕੇਕ ਤੇ ਪੇਠਾ ਜ਼ਬਤ ਕਰਕੇ ਸੈਂਪਲ ਭਰੇ ਹਨ।
------
ਹੰਡਿਆਇਆ ਚੌਂਕ ’ਚ ਘੇਰੀ ਮਠਿਆਈਆਂ ਵਾਲੀ ਗੱਡੀ
ਸਿਹਤ ਵਿਭਾਗ ਦੇ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਟੀਮ ਨੇ ਹੰਡਿਆਇਆ. ਚੌਕ ’ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਮਠਿਆਈਆਂ ਨਾਲ ਲੱਦੀ ਇੱਕ ਗੱਡੀ ਨੂੰ ਰੋਕ ਕੇ ਜਦੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਸਮਾਨ ਨਾਈਵਾਲਾ ਰੋਡ ’ਤੇ ਬਣੀ ਇੱਕ ਫੈਕਟਰੀ ’ਚੋਂ ਲਿਆਂਦਾ ਗਿਆ ਹੈ। ਫੈਕਟਰੀ ’ਚ ਰਿਫਾਇੰਡ ਤੇ ਮਿਲਕ ਪਾਊਡਰ ਤੋਂ ਬਣ ਰਿਹਾ ਸੀ ਖੋਆ ਡਰਾਈਵਰ ਨੂੰ ਨਾਲ ਲੈ ਕੇ ਜਦੋਂ ਟੀਮ ਨਾਈਵਾਲਾ ਰੋਡ ਸਥਿਤ ਫੈਕਟਰੀ ਪਹੁੰਚੀ ਤਾਂ ਉੱਥੇ ਦਾ ਨਜ਼ਾਰਾ ਵੇਖ ਕੇ ਸਭ ਦੇ ਹੋਸ਼ ਉੱਡ ਗਏ। ਫੈਕਟਰੀ ’ਚ ਨਿਰਾ ਗੰਦ ਪਿਆ ਹੋਇਆ ਸੀ। ਮੌਕੇ ’ਤੇ ਮਿਲਕ ਪਾਊਡਰ ਦੇ ਭਰੇ ਤੇ ਖਾਲੀ ਬੋਰੀਆਂ ਤੋਂ ਇਲਾਵਾ ਡਾਲਡਾ ਘਿਓ ਤੇ ਰਿਫਾਇੰਡ ਤੇਲ ਦੇ ਡਰੰਮ ਮਿਲੇ। ਕਾਰੀਗਰਾਂ ਨੇ ਮੰਨਿਆ ਕਿ ਉਹ ਡਾਲਡਾ ਘਿਓ, ਮਿਲਕ ਪਾਊਡਰ ਤੇ ਚੀਨੀ ਰਲਾ ਕੇ ਖੋਆ ਤਿਆਰ ਕਰਦੇ ਸਨ।
------
300 ਕਿੱਲੋ ਖੋਆ ਤੇ 910 ਕਿੱਲੋ ਮਿਲਕ ਕੇਕ ਕੀਤਾ ਸੀਲ
ਟੀਮ ਨੇ ਮੌਕੇ ਤੋਂ ਅਣਉਚਿਤ ਢੰਗ ਨਾਲ ਬੋਰੀਆਂ ’ਚ ਰੱਖਿਆ ਕਰੀਬ 300 ਕਿੱਲੋ ਖੋਆ ਤੇ 910 ਕਿੱਲੋ ਮਿਲਕ ਕੇਕ ਬਰਾਮਦ ਕਰਕੇ ਸੈਂਪਲ ਲਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਠਿਆਈ ਤਿਉਹਾਰਾਂ ਦੇ ਸੀਜ਼ਨ ’ਚ ਬਾਜ਼ਾਰਾਂ ’ਚ ਖਪਾਈ ਜਾਣੀ ਸੀ, ਜਿਸ ਦੀ ਵਿਕਰੀ ’ਤੇ ਤੁਰੰਤ ਰੋਕ ਲਾ ਦਿੱਤੀ ਗਈ ਹੈ। ਲੈਬ ਰਿਪੋਰਟ ਆਉਣ ਤੱਕ ਇਹ ਸਮਾਨ ਬਾਜ਼ਾਰ ’ਚ ਨਹੀਂ ਵੇਚਿਆ ਜਾ ਸਕੇਗਾ।
--ਆਨੰਦ ਇੰਡਸਟਰੀਜ਼ ਪੇਠਾ ਫੈਕਟਰੀ ’ਚ ਵੀ ਛਾਪਾ
ਇਸ ਤੋਂ ਬਾਅਦ ਟੀਮ ਨੇ ਨਾਈਵਾਲਾ ਰੋਡ ’ਤੇ ਸਥਿਤ ‘ਆਨੰਦ ਇੰਡਸਟਰੀਜ਼’ ਪੇਠਾ ਫੈਕਟਰੀ ਦੇ ਮਾਲਕ ਜਤਿੰਦਰ ਕੁਮਾਰ ’ਚ ਚੈਕਿੰਗ ਕੀਤੀ। ਉੱਥੇ ਵੀ ਬਹੁਤ ਜ਼ਿਆਦਾ ਗੰਦਗੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੇਠੇ ਦੇ ਸੈਂਪਲ ਲਏ ਗਏ।
-ਪਹਿਲਾਂ ਚਲਾਨ ਹੋਣ ਦੇ ਬਾਵਜੂਦ ਨਹੀਂ ਸੁਧਰੇ ਮਾਲਕ
ਸਿਹਤ ਟੀਮ ਨੇ ਸਵੇਰੇ ਇੱਕ ਹੋਰ ਮਠਿਆਈ ਬਣਾਉਣ ਵਾਲੀ ਯੂਨਿਟ ਦੀ ਵੀ ਜਾਂਚ ਕੀਤੀ, ਜਿੱਥੇ ਪਹਿਲਾਂ ਵੀ ਕਈ ਵਾਰ ਚਲਾਨ ਹੋਣ ਦੇ ਬਾਵਜੂਦ ਸਫ਼ਾਈ ਦੇ ਮਾੜੇ ਹਾਲਾਤ ਸਨ। ਵਿਭਾਗ ਨੇ ਉੱਥੋਂ ਪੇਠੇ ਦੇ ਸੈਂਪਲ ਲੈ ਕੇ ਫੈਕਟਰੀ ਮਾਲਕਾਂ ਨੂੰ ਆਖਰੀ ਨੋਟਿਸ ਜਾਰੀ ਕਰਦਿਆਂ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
--ਗੰਦਗੀ ਤੇ ਮਿਲਾਵਟਖੋਰੀ ਵਿਰੁੱਧ ਜਾਰੀ ਰਹੇਗੀ ਮੁਹਿੰਮ
ਅਧਿਕਾਰੀਆਂ ਨੇ ਸਾਫ਼ ਆਖਿਆ ਹੈ ਕਿ ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੈਂਪਲਾਂ ਦੀ ਲੈਬ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਦਿਨਾਂ ’ਚ ਮਠਿਆਈਆਂ ਖਰੀਦਣ ਵੇਲੇ ਸਫ਼ਾਈ ਤੇ ਗੁਣਵੱਤਾ ਦਾ ਖ਼ਾਸ ਧਿਆਨ ਰੱਖਣ।