ਨਸ਼ਿਆਂ ਦੀ ਧਾੜ ’ਤੇ ਠੱਲ੍ਹ ਪਾਉਣ ਲਈ ਬਰਨਾਲਾ ’ਚ ਪੁਲਿਸ ਪ੍ਰਸ਼ਾਸਨ ਦੀ ਵੱਡੀ ਕੋਸ਼ਿਸ਼ ਨਸ਼ਿਆਂ ਦੀ ਧਾੜ 'ਤੇ ਠੱਲ੍ਹ ਪਾਉਣ ਲਈ ਬਰਨਾਲਾ 'ਚ ਪੁਲਿਸ-ਪ੍ਰਸ਼ਾਸਨ ਦਾ ਵੱਡਾ ਯਤਨ
Publish Date: Tue, 27 Oct 2026 06:50 PM (IST)
Updated Date: Tue, 27 Oct 2026 06:52 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਸਰਕਾਰ ਦੀ ਸਖ਼ਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਨੱੜੀਆਂ ਘੁੱਟਣ ਲਈ ਕਮਰ ਕੱਸ ਲਈ ਹੈ। ਪੰਜਾਬ ਪੁਲਿਸ ਦੇ ਵੱਡੇ ਅਫ਼ਸਰਾਂ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ ਆਲਮ ਤੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀ ਚਰਚਿਤ ਸੈਂਸੀ ਬਸਤੀ ਵਿਖੇ ਨਗਰ ਨਿਗਮ ਵੱਲੋਂ ਲੋਹੇ ਦਾ ਮਜ਼ਬੂਤ ਗੇਟ ਲਾ ਕੇ ਬੰਦੀ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਜਿੱਥੇ ਨਸ਼ੇ ਦੇ ਸੌਦਾਗਰਾਂ ਦੇ ਰਾਹ ਠੱਪ ਹੋਣਗੇ, ਉੱਥੇ ਹੀ ਨਸ਼ੇ ਦੀ ਦਲਦਲ ਚ ਧਸਦੇ ਜਾ ਰਹੇ ਨੌਜਵਾਨਾਂ ਨੂੰ ਵੀ ਰੋਕ ਪਵੇਗੀ। - ਆਉਣ-ਜਾਣ ਵਾਲਿਆਂ ਦੀ ਪੁਲਿਸ ਲਊ ਤਲਾਸ਼ੀ : ਕਮਿਸ਼ਨਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਬਰਨਾਲਾ ਤੇ ਕਮਿਸ਼ਨਰ ਆਈਏਐਸ ਹਰਪ੍ਰੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਸਤੀ ਦੇ ਮੁੱਖ ਰਸਤੇ ਤੇ ਗੇਟ ਲੱਗਣ ਤੋਂ ਬਾਅਦ ਹੁਣ ਉੱਥੋਂ ਲੰਘਣ ਵਾਲੇ ਹਰ ਸ਼ੱਕੀ ਬੰਦੇ ਤੇ ਦੋ-ਪਹੀਆ ਤੇ ਚਾਰ-ਪਹੀਆ ਵਾਹਨਾਂ ਦੀ ਛਾਣਬੀਣ ਕੀਤੀ ਜਾਵੇਗੀ। ਪੁਲਿਸ ਦਾ ਮੁੱਖ ਮਕਸਦ ਬਾਹਰੋਂ ਨਸ਼ਾ ਪੱਤਾ ਲੱਭਣ ਆਉਂਦੇ ਮੁੰਡਿਆਂ ਤੇ ਅੱਖ ਰੱਖਣਾ ਤੇ ਤਸਕਰਾਂ ਦੇ ਤਾਣੇ-ਬਾਣੇ ਨੂੰ ਭੰਨਣਾ ਹੈ। ਇਸ ਕੰਮ ਚ ਬਸਤੀ ਦੇ ਲੋਕਾਂ ਨੂੰ ਵੀ ਨਾਲ ਜੋੜਿਆ ਜਾਵੇਗਾ ਤਾਂ ਜੋ ਨਸ਼ੇ ਦੇ ਕਾਲੇ ਧੰਦੇ ਨੂੰ ਜੜ੍ਹੋਂ ਪੁੱਟਿਆ ਜਾ ਸਕੇ। ਪੁਲਿਸ ਨੇ ਇਲਾਕੇ ਤੇ ਦਿਨ-ਰਾਤ ਨਜ਼ਰ ਰੱਖਣ ਦੀ ਪੂਰੀ ਰਣਨੀਤੀ ਉਲੀਕ ਲਈ ਹੈ। ਕਾਨੂੰਨ ਨੂੰ ਛਿੱਕੇ ਟੰਗਣ ਵਾਲਿਆਂ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ। - ਲੋਕਾਂ ਦੀ ਪ੍ਰਸ਼ੰਸਾ ਤੇ ਨਿਗਮ ਦਾ ਦਾਅਵਾ ਇਸ ਚੰਗੇ ਕੰਮ ਲਈ ਸ਼ਹਿਰ ਵਾਸੀ ਪ੍ਰਸ਼ਾਸਨ ਦੀਆਂ ਤਾਰੀਫ਼ਾਂ ਕਰ ਰਹੇ ਹਨ। ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰ ਨਿਖਿਲ ਕੌਸ਼ਲ ਨੇ ਦੱਸਿਆ ਕਿ ਸਰਕਾਰ, ਨਿਗਮ ਕਮਿਸ਼ਨਰ ਤੇ ਮੇਅਰ ਹਸਨਪ੍ਰੀਤ ਭਾਰਦਵਾਜ ਦੀ ਅਗਵਾਈ ਹੇਠ ਨੌਜਵਾਨੀ ਨੂੰ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਹੀਲਾ ਕੀਤਾ ਗਿਆ ਹੈ। ਨਗਰ ਨਿਗਮ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਸੰਭਵ ਮਦਦ ਕਰੇਗਾ। ਉਹਨਾਂ ਨੇ ਦੱਸਿਆ ਕਿ ਨਗਰ ਨਿਗਮ ਵਿੱਚ ਕੰਮ ਲਈ ਬਹੀਰਾਂ ਘੱਤ ਰਹੇ ਸ਼ਹਿਰ ਵਾਸੀ ਵੀ ਹੁਣ ਆਪਣੇ ਮੂੰਹੋਂ ਆਪ ਕਹਿ ਰਹੇ ਹਨ ਕਿ ਲਗਦੈ ਹੁਣ ਪੁਲਿਸ ਦਾ ਇੱਕੋ-ਇੱਕ ਟੀਚਾ ਬਸਤੀ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਾਉਣਾ ਤੇ ਇਲਾਕੇ ’ਚ ਅਮਨ-ਕਾਨੂੰਨ ਦਾ ਰਾਜ ਕਾਇਮ ਕਰਨਾ ਹੈ। - ਹੁਣ ਕੋਈ ਨਸ਼ਾ ਸਮੱਗਲਰ ਬਚ ਨਹੀਂ ਸਕਦਾ : ਐੱਸਐੱਸਪੀ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਸਾਫ਼ ਆਖਿਆ ਕਿ ਬਰਨਾਲਾ ਚ ਨਸ਼ਾ ਤਸਕਰੀ ਦਾ ਭੋਗ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਸਖ਼ਤ ਹੈ। ਸ਼ੱਕੀ ਥਾਵਾਂ ਤੇ ਪੁਲਿਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਐੱਸਐੱਸਪੀ ਬਰਨਾਲਾ ਨੇ ਦੱਸਿਆ ਕਿ ਇਸ ਬਸਤੀ ਨੂੰ ਦੋ ਪਾਸਿਓਂ ਰਾਹ ਲੱਗਦੇ ਹਨ ਇੱਕ ਪਾਸੇ ਨਗਰ ਸੁਧਾਰ ਟਰਸਟ ਵੱਲੋਂ ਗੇਟਬੰਦੀ ਕੀਤੀ ਗਈ ਹੈ। ਅਤੇ ਦੂਸਰੇ ਸ਼ਹਿਰ ਵਾਲੇ ਪਾਸਿਓਂ ਨਗਰ ਨਿਗਮ ਬਰਨਾਲਾ ਵੱਲੋਂ ਗੇਟਬੰਦੀ ਕਰ ਦਿੱਤੀ ਗਈ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਬੰਦਾ ਜਾਂ ਗਤੀਵਿਧੀ ਦਿਸੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦੇਣ ਤਾਂ ਜੋ ਬਰਨਾਲਾ ਨੂੰ ਨਸ਼ਾ-ਮੁਕਤ ਕੀਤਾ ਜਾ ਸਕੇ।