ਬਰਨਾਲਾ ਪੁਲਿਸ ਦਾ ਵੱਡਾ ਐਕਸ਼ਨ: ਘਰ-ਘਰ ਤਲਾਸ਼ੀ ਦੌਰਾਨ ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ, 18 ਵਿਅਕਤੀ ਕਾਬੂ
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐੱਸ. ਨੇ ਦੱਸਿਆ ਕਿ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ ਐੱਸ.ਪੀ. ਡੀ. ਸੰਜੀਵ ਗੋਇਲ ਅਤੇ ਐੱਸ.ਪੀ. ਐੱਚ ਬਾਲ ਕ੍ਰਿਸ਼ਨ ਸਿੰਗਲਾ ਦੀ ਦੇਖ-ਰੇਖ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
Publish Date: Sat, 10 Oct 2026 04:55 PM (IST)
Updated Date: Sat, 10 Oct 2026 05:00 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ’ਤੇ ਨਸ਼ਿਆਂ ਦੀ ਮੁਕੰਮਲ ਤਾਲਾਬੰਦੀ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ 10 ਵੱਡੇ ਨਸ਼ਾ ਪੀੜਤ ਟਿਕਾਣਿਆਂ ’ਤੇ ਤੜਕੇ ਹੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਨਸ਼ੇ ਦੇ ਕਾਲੇ ਧੰਦੇ ਨਾਲ ਜੁੜੇ ਸ਼ੱਕੀ ਬੰਦਿਆਂ ਦੇ ਘਰਾਂ ’ਚ ਪੁਲਿਸ ਪਾਰਟੀਆਂ ਨੇ ਅਚਾਨਕ ਛਾਪੇਮਾਰੀ ਕਰਕੇ ਪੂਰੀ ਫਰੋਲਾ-ਫਰਾਲੀ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐੱਸ. ਨੇ ਦੱਸਿਆ ਕਿ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ ਐੱਸ.ਪੀ. ਡੀ. ਸੰਜੀਵ ਗੋਇਲ ਅਤੇ ਐੱਸ.ਪੀ. ਐੱਚ ਬਾਲ ਕ੍ਰਿਸ਼ਨ ਸਿੰਗਲਾ ਦੀ ਦੇਖ-ਰੇਖ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਡੀ.ਐੱਸ.ਪੀ. ਬਰਨਾਲਾ ਰਾਜਿੰਦਰਪਾਲ, ਡੀ.ਐੱਸ.ਪੀ. ਤਪਾ ਜਸਕਰਨ ਸਿੰਘ, ਡੀ.ਐੱਸ.ਪੀ. ਮਹਿਲ ਕਲਾਂ ਸਤਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਹੈੱਡਕੁਆਰਟਰ ਕੁਲਵਿੰਦਰ ਸਿੰਘ, ਡੀ.ਐੱਸ.ਪੀ. ਟ੍ਰੈਫਿਕ ਕੁਲਵੰਤ ਸਿੰਘ ਅਤੇ ਡੀ.ਐੱਸ.ਪੀ. ਐੱਨ.ਡੀ.ਪੀ.ਐੱਸ. ਕਮਲਜੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੇ ਥਾਣਿਆਂ ਦੀਆਂ ਪੁਲਿਸ ਟੀਮਾਂ ਨੇ ਇੱਕਜੁੱਟ ਹੋ ਕੇ ਕਾਰਵਾਈ ਕੀਤੀ। ਇਸ ਪੂਰੇ ਅਭਿਆਨ 'ਚ ਲਗਭਗ 170 ਪੁਲਿਸ ਜਵਾਨਾਂ ਦੀ ਧਾੜ ਤਾਇਨਾਤ ਕੀਤੀ ਗਈ ਸੀ।
ਪਿੰਡਾਂ ਦੀਆਂ ਕਮੇਟੀਆਂ ਨਾਲ ਰਾਬਤਾ ਤੇ ਗੁਪਤ ਹੈਲਪਲਾਈਨ
ਐੱਸ.ਐੱਸ.ਪੀ. ਬਰਨਾਲਾ ਨੇ ਦੱਸਿਆ ਕਿ ਪਿੰਡਾਂ ਵਿੱਚ ਬਣੀਆਂ ਵੀ.ਡੀ.ਸੀ. ਕਮੇਟੀਆਂ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੀ ਬਲਾਅ ਖ਼ਿਲਾਫ਼ ਪੁਲਿਸ ਦਾ ਸਾਥ ਦੇਣ ਲਈ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ‘ਸੇਫ ਪੰਜਾਬ’ ਤਹਿਤ ਜਾਰੀ ਡਰੱਗ ਹੈਲਪਲਾਈਨ ਨੰਬਰ 97791-00200 ’ਤੇ ਕੋਈ ਵੀ ਬੰਦਾ ਬਿਨਾਂ ਕਿਸੇ ਸੰਗ ਜਾਂ ਡਰ ਦੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇ ਸਕਦਾ ਹੈ। ਇੱਥੇ ਪਤਾ ਦੱਸਣ ਵਾਲੇ ਦਾ ਨਾਂ-ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ।
18 ਜਣੇ ਚੁੱਕੇ, 9 ਪਰਚੇ ਦਰਜ
ਪੁਲਿਸ ਵਲੋਂ ਕਰੜੀ ਕਾਰਵਾਈ ਕਰ ਕੁੱਲ ਦਰਜ 09 ਪਰਚਿਆਂ 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ 18 ਬੰਦੇ ਕਾਬੂ ਕਰ ਨਸ਼ਾ ਕਰਨ/ਰੱਖਣ ਵਾਲੇ ਧਾਰਾ 27 ਐੱਨ.ਡੀ.ਪੀ.ਐੱਸ. ਅਧੀਨ 02 ਜਣੇ ਫੜੇ ਤੇ ਰੋਕਥਾਮ ਕਾਰਵਾਈ ਤਹਿਤ 03 ਸ਼ੱਕੀ ਵਿਅਕਤੀਆਂ ’ਤੇ ਪਾਬੰਦੀਸ਼ੁਦਾ ਕਾਰਵਾਈ ਕਰਦਿਆਂ 55 ਗ੍ਰਾਮ ਚਿੱਟਾ ਤੇ 225 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਬਰਨਾਲਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਸਾਫ਼ ਆਖਿਆ ਹੈ ਕਿ ਨਸ਼ਾ ਤਸਕਰਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ਤੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਆਮ ਲੋਕਾਂ ਦਾ ਸਾਥ ਸਭ ਤੋਂ ਜ਼ਰੂਰੀ ਹੈ।