- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਤੇ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟਖੋਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਬਰਨਾਲਾ ਸ਼ਹਿਰ ਦੇ ਤਾਰਾ ਕਲੋਨੀ ਇਲਾਕੇ 'ਚ ਛਾਪੇਮਾਰੀ ਕਰਕੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਵਿਭਾਗ ਦੀ ਟੀਮ ਨੇ ਮੌਕੇ ਤੋਂ ਘਿਓ ਤੇ ਪੈਕਿੰਗ ਦਾ ਸਾਮਾਨ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਤੇ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟਖੋਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਬਰਨਾਲਾ ਸ਼ਹਿਰ ਦੇ ਤਾਰਾ ਕਲੋਨੀ ਇਲਾਕੇ 'ਚ ਛਾਪੇਮਾਰੀ ਕਰਕੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਵਿਭਾਗ ਦੀ ਟੀਮ ਨੇ ਮੌਕੇ ਤੋਂ ਘਿਓ ਤੇ ਪੈਕਿੰਗ ਦਾ ਸਾਮਾਨ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।
ਨਕਲੀ ਦੇਸੀ ਘਿਓ ਤੇ ਨਕਲੀ ਬ੍ਰਾਂਡ ਤੇ ਪਤਾ
ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਭਾਗ ਨੂੰ ਸੂਤਰਾਂ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਤਾਰਾ ਕਲੋਨੀ ਨਜ਼ਦੀਕ ਟਿਊਬਲ ਨੰਬਰ-6 ਵਿਖੇ ਸੁਰੇਸ਼ ਕੁਮਾਰ ਨਾਮਕ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਨਕਲੀ ਵਸਤੂਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਸੂਚਨਾ ਦੇ ਆਧਾਰ 'ਤੇ ਵਿਭਾਗ ਦੀ ਟੀਮ ਨੇ ਉਕਤ ਵਰਕਸ਼ਾਪ 'ਤੇ ਛਾਪਾ ਮਾਰਿਆ। ਜਾਂਚ ਦੌਰਾਨ ਇੱਕ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਤੇ ਮਾਲਕ ਵੱਲੋਂ ਚਾਬੀ ਨਾ ਹੋਣ ਦਾ ਬਹਾਨਾ ਬਣਾਇਆ ਗਿਆ। ਇਸ 'ਤੇ ਫੂਡ ਸੇਫਟੀ ਇੰਸਪੈਕਟਰ ਨੇ ਤੁਰੰਤ ਸਥਾਨਕ ਕੌਂਸਲਰ ਤੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ। ਪੁਲਿਸ ਦੀ ਹਾਜ਼ਰੀ 'ਚ ਜਿੰਦਰਾ ਤੋੜ ਕੇ ਕਮਰੇ ਦੀ ਤਲਾਸ਼ੀ ਲਈ ਗਈ। ਕਮਰੇ ਦੀ ਤਲਾਸ਼ੀ ਲੈਣ 'ਤੇ ਇੱਕ ਵੱਡੇ ਟੱਬ 'ਚ ਭਾਰੀ ਮਾਤਰਾ 'ਚ ਤਿਆਰ ਕੀਤਾ ਗਿਆ ਦੇਸੀ ਘਿਓ। 'ਪਰਮਾਨੰਦ ਦੇਸੀ ਘੀ' ਦੇ ਰੈਪਰ, ਡੱਬੇ, ਸਟੀਕਰ ਤੇ ਹੋਰ ਪੈਕਿੰਗ ਮਟੀਰੀਅਲ।
ਰੈਪਰਾਂ ਉੱਤੇ ਲੁਧਿਆਣਾ ਦੇ ਫੋਕਲ ਪੁਆਇੰਟ ਦੀ ਕਿਸੇ 'ਸ਼ਰਮਾ ਡੇਅਰੀ ਪ੍ਰੋਡਕਟਸ' ਦਾ ਨਾਮ ਛਪਿਆ ਹੋਇਆ ਸੀ, ਜਦੋਂ ਕਿ ਪਤਾ ਕਰਨ 'ਤੇ ਲੁਧਿਆਣਾ 'ਚ ਇਸ ਨਾਮ ਦੀ ਕੋਈ ਅਸਲ ਫੈਕਟਰੀ ਮੌਜੂਦ ਨਹੀਂ ਹੈ।
ਵਿਭਾਗ ਦੀ ਟੀਮ ਨੇ ਘਿਓ ਦਾ ਸੈਂਪਲ ਭਰ ਕੇ ਲੈਬ 'ਚ ਭੇਜ ਦਿੱਤਾ ਹੈ ਤੇ ਪੁਲਿਸ ਦੀ ਮੌਜੂਦਗੀ 'ਚ ਪੂਰੀ ਵਰਕਸ਼ਾਪ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਾ ਖਰੀਦੋ ਨਾ ਖਾਓ ਪਰਮਾਨੰਦ ਘਿਉ
ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ 'ਪਰਮਾਨੰਦ' ਬ੍ਰਾਂਡ ਦਾ ਨਕਲੀ ਘਿਓ ਬਰਨਾਲਾ, ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ 'ਚ ਵੀ ਵੱਡੇ ਪੱਧਰ 'ਤੇ ਵੇਚਿਆ ਜਾ ਰਿਹਾ ਸੀ। ਵਿਭਾਗ ਨੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਇਹ ਘਿਓ ਨਾ ਵੇਚਣ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਨਾਲ ਖਿਲਵਾੜ ਤੋਂ ਬਚਣ ਲਈ ਅਜਿਹੇ ਸ਼ੱਕੀ ਉਤਪਾਦ ਨਾ ਖਰੀਦਣ। ਜ਼ਿਕਰਯੋਗ ਹੈ ਕਿ ਇਸ ਕੰਪਨੀ ਨੂੰ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਤਪਾ ਮੰਡੀ ਵਿਖੇ ਨਕਲੀ ਘਿਓ ਬਣਾਉਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਚੁੱਕੀ ਹੈ।
ਸਿਹਤ ਵਿਭਾਗ ਦੀਆਂ ਲਗਾਤਾਰ ਕਾਰਵਾਈਆਂ
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਮਿਲਾਵਟਖੋਰਾਂ ਵਿਰੁੱਧ ਸਖ਼ਤ ਐਕਸ਼ਨ ਲਏ ਜਾ ਰਹੇ ਹਨ। ਅਲੈਂਟਾ ਮੌਲ ਅਤੇ ਆਈਟੀਆਈ ਚੌਕ ਮਿਆਦ ਪੁੱਗ ਚੁੱਕਾ ਘਿਓ ਅਤੇ ਤੇਲ ਬਰਾਮਦ ਕੀਤਾ ਗਿਆ ਹੈ। ਬਾਜਾਖਾਨਾ ਰੋਡ ਤੋਂ ਇੱਕ ਹਲਵਾਈ ਦੀ ਦੁਕਾਨ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਉੱਲੀ ਲੱਗੀ ਬਰਫ਼ੀ ਬਰਾਮਦ ਕਰਕੇ ਮੌਕੇ 'ਤੇ ਨਸ਼ਟ ਕਰਵਾਈ ਗਈ।
ਨਾਨਕਸਰ ਰੋਡ ਤੇ ਮੌਲ ਵਿੱਚੋਂ ਫੂਡ ਲਾਇਸੈਂਸ ਐਕਸਪਾਇਰ ਹੋ ਚੁੱਕਾ ਨਕਲੀ ਘਿਓ ਦਾ ਜ਼ਖ਼ੀਰਾ ਫੜਿਆ ਗਿਆ। ਛੱਜੂ ਰੋਸ਼ਨ ਕਾਰਖਾਨਾ ਨੇੜਲੇ ਇੱਕ ਘਰ ਵਿੱਚੋਂ ਸੈਂਕੜੇ ਲੀਟਰ ਸਰੋਂ ਦਾ ਨਕਲੀ ਤੇਲ ਬਰਾਮਦ ਕਰਕੇ ਫੈਕਟਰੀ ਸੀਲ ਕੀਤੀ ਗਈ।