ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬਰਨਾਲਾ 'ਚ ਪ੍ਰਸ਼ਾਸਨ ਦੀ ਵੱਡੀ ਕਾਰਵਾਈ: 20 ਸਕੂਲੀ ਬੱਸਾਂ ਦੀ ਅਚਾਨਕ ਚੈਕਿੰਗ, 4 ਵਾਹਨਾਂ ਦੇ ਕੱਟੇ ਚਲਾਨ ਜ਼ਿਲ੍ਹੇ ’ਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ 'ਸੇਫ ਸਕੂਲ ਵਾਹਨ ਪਾਲਿਸੀ' ਤਹਿਤ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲੀ ਵਾਹਨਾਂ ਦੀ ਨਿਯਮਿਤ ਜਾਂਚ ਕਰਨਾ ਬਹੁਤ ਜ਼ਰੂਰੀ ਹੈ।
Publish Date: Wed, 22 Jul 2026 04:34 PM (IST)
Updated Date: Wed, 22 Jul 2026 04:37 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜ਼ਿਲ੍ਹੇ ’ਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ 'ਸੇਫ ਸਕੂਲ ਵਾਹਨ ਪਾਲਿਸੀ' ਤਹਿਤ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲੀ ਵਾਹਨਾਂ ਦੀ ਨਿਯਮਿਤ ਜਾਂਚ ਕਰਨਾ ਬਹੁਤ ਜ਼ਰੂਰੀ ਹੈ।
ਟੀਮ ਵੱਲੋਂ ਵੱਖ ਵੱਖ ਸਕੂਲਾਂ ਦੀਆਂ ਕੁੱਲ 20 ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬੱਸਾਂ ਦੇ ਜ਼ਰੂਰੀ ਦਸਤਾਵੇਜ਼, ਫਿਟਨੈੱਸ ਸਰਟੀਫਿਕੇਟ, ਡਰਾਈਵਰ ਦਾ ਲਾਇਸੈਂਸ, ਪ੍ਰਦੂਸ਼ਣ ਸਰਟੀਫਿਕੇਟ, ਫਸਟ ਏਡ ਕਿੱਟ, ਅੱਗ ਬੁਝਾਊ ਯੰਤਰ ਅਤੇ ਹੋਰ ਸੁਰੱਖਿਆ ਉਪਕਰਨਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ 4 ਸਕੂਲੀ ਬੱਸਾਂ ’ਚ ਫਸਟ ਏਡ ਕਿੱਟ ਨਾ ਹੋਣ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੇ ਚਲਾਨ ਕੱਟੇ ਗਏ। ਟੀਮ ਵੱਲੋਂ ਬੱਸ ਚਾਲਕਾਂ ਨੂੰ ਤੁਰੰਤ ਇਹ ਕਮੀ ਪੂਰੀ ਕਰਨ ਦੀ ਹਦਾਇਤ ਦਿੱਤੀ ਗਈ। ਇਸਦੇ ਨਾਲ ਹੀ ਅਧਿਕਾਰੀਆਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਗਈ ਕਿ ਉਹ ਆਪਣੇ ਸਕੂਲੀ ਵਾਹਨਾਂ ’ਚ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਨ ਤਾਂ ਜੋ ਬੱਚਿਆਂ ਦੀ ਸੁਰੱਖਿਆ ’ਚ ਕੋਈ ਲਾਪਰਵਾਹੀ ਨਾ ਰਹੇ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸਕੂਲੀ ਵਾਹਨਾਂ ’ਚ ਸਫ਼ਰ ਕਰਦੇ ਬੱਚਿਆਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਭਵਿੱਖ ’ਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਵਿਸ਼ੇਸ਼ ਚੈਕਿੰਗ ਦੌਰਾਨ ਟਰੈਫਿਕ ਐਜੂਕੇਸ਼ਨ ਸੈੱਲ ਤੋਂ ਏ.ਐਸ.ਆਈ. ਗੁਰਚਰਨ ਸਿੰਘ ਤੇ ਕਾਂਸਟੇਬਲ ਰਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਨੀਰਜ ਕੁਮਾਰ ਤੇ ਮਨਜਿੰਦਰ ਸਿੰਘ ਅਤੇ ਬਾਲ ਸੁਰੱਖਿਆ ਦਫ਼ਤਰ ਤੋਂ ਰੁਪਿੰਦਰ ਸਿੰਘ ਮੌਜੂਦ ਸਨ।