- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਐਲਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ •: ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਮੌਕੇ ਦੇਣ ਤੇ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਲੋਕ ਸਭਾ ਮੈਂਬਰ ਸੰਗਰੂਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ . ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਕ ਅਹਿਮ ਪਹਿਲਕਦਮੀ ਕਰਦਿਆਂ ਕ੍ਰਿਕਟ ਖਿਡਾਰੀਆਂ ਲਈ ਖਾਸ ਮੌਕਾ ਦਿੱਤਾ ਜਾ ਰਿਹਾ ਹੈ। ਇੱਥੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹਲਕਾ ਬਰਨਾਲਾ ‘ਚ 9 ਅਕਤੂਬਰ ਤੋਂ ‘ਬਰਨਾਲਾ ਚੈਂਪੀਅਨ ਲੀਗ’ ਕਰਵਾਈ ਜਾ ਰਹੀ ਹੈ। ਇਸ ਕ੍ਰਿਕਟ ਲੀਗ ਦਾ ਮੁੱਖ ਮਨੋਰਥ ਖੇਡਾਂ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਵਧਾਉਣਾ, ਪ੍ਰਤਿਭਾ ਨੂੰ ਉਭਾਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਲੱਖਾਂ ਰੁਪਏ ਦੇ ਇਨਾਮ ਅਤੇ ਗ੍ਰਾਂਟਾਂ ਵੰਡੀਆਂ ਜਾਣਗੀਆਂ ਜਿਸ ਵਿਚ ਟੀਮਾਂ ਨੂੰ ਪਹਿਲਾ ਇਨਾਮ 3 ਲੱਖ ਰੁਪਏ, ਦੂਜਾ ਇਨਾਮ 1.5 ਲੱਖ ਰੁਪਏ, ਤੀਜਾ ਇਨਾਮ 1 ਲੱਖ ਰੁਪਏ ਅਤੇ ਚੌਥਾ ਇਨਾਮ 51 ਹਜ਼ਾਰ ਰੁਪਏ ਹੋਵੇਗਾ। ਇਸਦੇ ਨਾਲ ਹੀ ਪਹਿਲੇ ਨੰਬਰ ’ਤੇ ਰਹਿਣ ਵਾਲੀ ਟੀਮ ਦੇ ਸੰਬੰਧਿਤ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦੇ ਵਾਰਡ ਜਾਂ ਗ੍ਰਾਮ ਪੰਚਾਇਤ ਨੂੰ 6 ਲੱਖ ਰੁਪਏ ਦੀ ਗ੍ਰਾਂਟ ਐੱਮ ਪੀ ਲੈਡ ਫੰਡ ਵਿਚੋਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕ੍ਰਿਕਟ ਲੀਗ ਵਿੱਚ ਬਰਨਾਲਾ ਹਲਕੇ ਦੇ ਵਾਰਡਾਂ ਅਤੇ ਪਿੰਡਾਂ ਦੀਆਂ ਟੀਮਾਂ ਭਾਗ ਲੈ ਸਕਣਗੀਆਂ। ਹਰ ਵਾਰਡ ਦੀ ਅਲੱਗ ਟੀਮ ਬਣੇਗੀ ਅਤੇ ਲੋੜ ਅਨੁਸਾਰ ਨਾਲ ਲੱਗਦੇ ਵਾਰਡ ਵਿੱਚੋਂ ਵੀ ਖਿਡਾਰੀ ਸ਼ਾਮਲ ਕੀਤੇ ਜਾ ਸਕਦੇ ਹਨ। ਪਿੰਡਾਂ ਦੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਕ ਪਿੰਡ ਵਿੱਚੋਂ 1 ਤੋਂ ਵੱਧ ਟੀਮਾਂ ਵੀ ਰਜਿਸਟਰ ਕਰਾਈਆਂ ਜਾ ਸਕਦੀਆਂ ਹਨ। ਮੀਤ ਹੇਅਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਭਲਕੇ 2 ਅਕਤੂਬਰ ਤੋਂ ਹੋਵੇਗੀ ਅਤੇ ਖਿਡਾਰੀ 7 ਅਕਤੂਬਰ ਤੱਕ ਆਪਣੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਦਫ਼ਤਰ ਆ ਕੇ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਆਧਾਰ ਕਾਰਡ ਨਾਲ ਕੀਤੀ ਜਾਵੇਗੀ, ਜਿਸ ਦੀ ਤਸਦੀਕ ਸਬੰਧਤ ਵਾਰਡ ਦੇ ਐਮ.ਸੀ. ਜਾਂ ਪਿੰਡ ਦੇ ਸਰਪੰਚ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੈਚ ਬਰਨਾਲਾ ਹਲਕੇ ਦੇ 4 ਖੇਡ ਮੈਦਾਨਾਂ ਵਿੱਚ ਕਰਵਾਏ ਜਾਣਗੇ। ਜਿਨ੍ਹਾਂ ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ, ਖੇਡ ਗਰਾਊਂਡ ਕਰਮਗੜ੍ਹ, ਖੇਡ ਗਰਾਊਂਡ ਦਾਨਗੜ੍ਹ ਅਤੇ ਖੇਡ ਗਰਾਊਂਡ ਖੁੱਡੀ ਕਲਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਓਪਨਿੰਗ ਵਾਲੇ ਦਿਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪ੍ਰਸਿੱਧ ਖਿਡਾਰੀਆਂ, ਨਾਮਵਰ ਗਾਇਕਾਂ ਅਤੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਜਾਵੇਗਾ। ਓਹਨਾਂ ਦੱਸਿਆ ਕਿ ਸਬੰਧਤ ਟੀਮਾਂ ਰਜਿਸਟ੍ਰੇਸ਼ਨ ਲਈ ਓਹਨਾਂ ਦੇ ਬਰਨਾਲਾ ਦਫਤਰ ਵਿਚ ਸੰਪਰਕ ਕਰ ਸਕਦੀਆਂ ਹਨ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਲਕੇ ਦੇ ਸਮੂਹ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
: ਜ਼ਿਲ੍ਹਾ ਬਰਨਾਲਾ ’ਚ ਖੇਡਾਂ ਮੈਦਾਨਾਂ ਲਈ ਸਰਕਾਰ ਨੇ 25 ਕਰੋੜ ਰੁਪਏ ਜਾਰੀ ਕੀਤੇ
ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਖੇਡ ਢਾਂਚੇ ਉੱਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਓਹਨਾਂ ਕਿਹਾ ਕਿ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਕਰਾਇਆ ਜਾ ਰਿਹਾ ਹੈ ਓਥੇ ਜ਼ਿਲ੍ਹਾ ਬਰਨਾਲਾ ਵਿੱਚ 25 ਕਰੋੜ ਦੀ ਲਾਗਤ ਨਾਲ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਖੇਡਾਂ ਦਾ ਬਜਟ 13 ਗੁਣਾ ਵਧਾਇਆ ਹੈ ਅਤੇ ਇਨ੍ਹਾਂ ਉਪਰਾਲਿਆਂ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।