- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਚੋਣਾਂ 2027

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਸੂਚੀ ਜਾਰੀ ਕਰਦਿਆਂ ਵਿਧਾਨ ਸਭਾ ਹਲਕਾ ਬਰਨਾਲਾ (ਜਨਰਲ) ਤੋਂ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੁੜ ਚੋਣ ਪਿੜ ਵਿੱਚ ਉਤਾਰਿਆ ਹੈ। ਲਗਾਤਾਰ ਤਿੰਨ ਵੱਡੀਆਂ ਚੋਣਾਂ ਜਿੱਤ ਕੇ ਸਿਆਸੀ ਪਿੜ ਵਿੱਚ ਆਪਣੀ ਧਾਕ ਜਮਾਉਣ ਵਾਲੇ ਮੀਤ ਹੇਅਰ ਹੁਣ ਚੌਥੀ ਵਾਰ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਪਾਰਟੀ ਵੱਲੋਂ ਮੁੜ ਭਰੋਸਾ ਜਤਾਏ ਜਾਣ ਤੋਂ ਬਾਅਦ ਬਰਨਾਲਾ ਹਲਕੇ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਸਮੇਤ ਕੌਂਸਲਰ ਆਪ ਤੇ ਸਮਰਥਕਾਂ ਤੇ ਵਰਕਰਾਂ ਨੇ ਮੈਂਬਰ ਪਾਲਰੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਮੂੰਹ ਮਿੱਠਾ ਕਰਵਾਇਆ।
--ਅੰਨਾ ਅੰਦੋਲਨ ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ
ਬਰਨਾਲਾ ਜ਼ਿਲ੍ਹੇ ਦੇ ਜੰਮਪਲ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸਾਲ 2011 ਵਿੱਚ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਕੀਤੀ ਸੀ। ਇਸ ਤੋਂ ਪਹਿਲਾਂ ਉਹ ਸਿਵਲ ਸੇਵਾਵਾਂ ਦੀ ਤਿਆਰੀ ਲਈ ਦਿੱਲੀ ਵੀ ਗਏ ਸਨ, ਪਰ ਸਮਾਜ ਸੇਵਾ ਅਤੇ ਸਿਆਸਤ ਦੀ ਚੇਟਕ ਲੱਗਣ ਕਾਰਨ ਉਹ ਆਮ ਆਦਮੀ ਪਾਰਟੀ ਦੇ ਮੁੱਢਲੇ ਕਾਰਕੁਨਾਂ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਬਰਨਾਲਾ ਇਲਾਕੇ ਵਿੱਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕੀਤਾ।
-----
ਜਿੱਤਾਂ ਦੀ ਲਗਾਤਾਰ ਹੈਟ੍ਰਿਕ
ਮੀਤ ਹੇਅਰ ਦਾ ਚੋਣ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। 2017 ਦੀਆਂ ਚੋਣਾਂ ’ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਦਿਆਂ ਉਨ੍ਹਾਂ ਨੇ ਕਾਂਗਰਸ ਦੇ ਦਿੱਗਜ ਆਗੂ ਕੇਵਲ ਸਿੰਘ ਢਿੱਲੋਂ ਨੂੰ 2,432 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਅਤੇ ਵਿਰੋਧੀ ਧਿਰ ਦੇ ਵਿਧਾਇਕ ਵਜੋਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। 2022 ਦੀਆਂ ਚੋਣਾਂ ’ਚ ਦੂਜੀ ਵਾਰ ਫਿਰ ਬਰਨਾਲਾ ਵਾਸੀਆਂ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ। ਉਨ੍ਹਾਂ ਨੇ 64,800 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਨੂੰ 37,622 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। 2024 ਲੋਕ ਸਭਾ ਚੋਣਾਂ 'ਚ ਪਾਰਟੀ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ, ਜਿੱਥੇ ਉਨ੍ਹਾਂ ਨੇ 3,64,085 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਰਿਕਾਰਡ ਫ਼ਰਕ ਨਾਲ ਹਰਾਇਆ ਅਤੇ ਸੰਸਦ ਮੈਂਬਰ ਬਣੇ।
---------
ਕੈਬਨਿਟ ਮੰਤਰੀ ਤੇ ਸੰਸਦ ਮੈਂਬਰ ਵਜੋਂ ਅਹਿਮ ਜ਼ਿੰਮੇਵਾਰੀਆਂ
2022 ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਮੀਤ ਹੇਅਰ 19 ਮਾਰਚ 2022 ਤੋਂ ਜੂਨ 2024 ਤੱਕ ਪੰਜਾਬ ਦੇ ਕੈਬਨਿਟ ਮੰਤਰੀ ਰਹੇ। ਬਚਪਨ ਤੋਂ ਹੀ ਖੇਡਾਂ ਬੈਡਮਿੰਟਨ ਤੇ ਕ੍ਰਿਕਟ ਨਾਲ ਡੂੰਘਾ ਲਗਾਅ ਰੱਖਣ ਵਾਲੇ ਮੀਤ ਹੇਅਰ ਨੇ ਖੇਡਾਂ ਤੇ ਯੁਵਕ ਸੇਵਾਵਾਂ, ਜਲ ਸਰੋਤ, ਮਾਈਨਿੰਗ, ਵਾਤਾਵਰਨ, ਉੱਚ ਸਿੱਖਿਆ, ਸ਼ਾਸਨ ਸੁਧਾਰ ਅਤੇ ਭੂਮੀ ਤੇ ਜਲ ਸੰਭਾਲ ਵਰਗੇ ਅਹਿਮ ਵਿਭਾਗਾਂ ਦੀ ਕਮਾਨ ਬਾਖੂਬੀ ਸੰਭਾਲੀ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ,18ਵੀਂ ਲੋਕ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਉਹ ਸੰਸਦ ਵਿੱਚ ਆਮ ਆਦਮੀ ਪਾਰਟੀ ਦੇ ਫਲੋਰ ਲੀਡਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਕਮੇਟੀ ਆਨ ਪਟੀਸ਼ਨਜ਼, ਕਮੇਟੀ ਆਨ ਕਮਿਊਨੀਕੇਸ਼ਨਜ਼ ਐਂਡ ਆਈ.ਟੀ., ਇੰਡੀਆ-ਆਸਟ੍ਰੇਲੀਆ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਅਤੇ 26 ਸਤੰਬਰ 2026 ਤੋਂ ਕਮੇਟੀ ਆਨ ਹੋਮ ਅਫੇਅਰਜ਼ ਦੇ ਮੈਂਬਰ ਵਜੋਂ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਮੀਤ ਹੇਅਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੀ ਜਨਰਲ ਸੈਕਟਰੀ ਹਨ। ਬਰਨਾਲਾ ਦੀ ਮਿੱਟੀ ਤੋਂ ਉੱਠ ਕੇ ਵਿਧਾਨ ਸਭਾ ਅਤੇ ਫਿਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਲੋਕ ਸਭਾ) ਤੱਕ ਪਹੁੰਚਣ ਵਾਲੇ ਨੌਜਵਾਨ ਆਗੂ ਮੀਤ ਹੇਅਰ ’ਤੇ ਪਾਰਟੀ ਵੱਲੋਂ ਮੁੜ ਖੇਡਿਆ ਗਿਆ ਇਹ ਦਾਅ 2027 ਦੀਆਂ ਚੋਣਾਂ ਵਿੱਚ ਕਾਫ਼ੀ ਦਿਲਚਸਪ ਮੁਕਾਬਲਾ ਸਿਰਜੇਗਾ।