ਕਿਰਤ ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਹਜ਼ਾਰਾਂ ਕਾਮੇ ਸਰਕਾਰੀ ਸਹੂਲਤਾਂ ਤੋਂ ਵਾਂਝੇ; ਗੁਰਪ੍ਰੀਤ ਰੂੜੇਕੇ ਤੇ ਖੁਸ਼ੀਆਂ ਸਿੰਘ ਨੇ ਚੁੱਕੇ ਸਵਾਲ ਕਿਰਤ ਵਿਭਾਗ ਬਰਨਾਲਾ ਦੀ ਕਥਿਤ ਲਾਪਰਵਾਹੀ ਤੇ ਲਾਭਪਾਤਰੀ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਟ੍ਰੇਡ ਯੂਨੀਅਨਾਂ ਨੇ ਵਿਭਾਗ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਟ੍ਰੇਡ ਯੂਨੀਅਨ ਆਗੂਆਂ ਕਾਮਰੇਡ ਗੁਰਪ੍ਰੀਤ ਰੂੜੇਕੇ (ਏਕਟੂ) ਤੇ ਕਾਮਰੇਡ ਖੁਸ਼ੀਆਂ ਸਿੰਘ (ਏਕਟੂ) ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਭਾਗ ਦੀ ਅਣਗਹਿਲੀ ਕਾਰਨ ਹਜ਼ਾਰਾਂ ਲਾਭਪਾਤਰੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਸਰਕਾਰੀ ਸਹੂਲਤਾਂ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ।
Publish Date: Wed, 11 Nov 2026 02:05 PM (IST)
Updated Date: Wed, 11 Nov 2026 02:07 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਕਿਰਤ ਵਿਭਾਗ ਬਰਨਾਲਾ ਦੀ ਕਥਿਤ ਲਾਪਰਵਾਹੀ ਤੇ ਲਾਭਪਾਤਰੀ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਟ੍ਰੇਡ ਯੂਨੀਅਨਾਂ ਨੇ ਵਿਭਾਗ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਟ੍ਰੇਡ ਯੂਨੀਅਨ ਆਗੂਆਂ ਕਾਮਰੇਡ ਗੁਰਪ੍ਰੀਤ ਰੂੜੇਕੇ (ਏਕਟੂ) ਤੇ ਕਾਮਰੇਡ ਖੁਸ਼ੀਆਂ ਸਿੰਘ (ਏਕਟੂ) ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਿਭਾਗ ਦੀ ਅਣਗਹਿਲੀ ਕਾਰਨ ਹਜ਼ਾਰਾਂ ਲਾਭਪਾਤਰੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਸਰਕਾਰੀ ਸਹੂਲਤਾਂ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਲਾਭਪਾਤਰੀ ਕਾਮਿਆਂ ਦੇ ਬੱਚਿਆਂ ਦੇ ਵਜ਼ੀਫ਼ੇ ਲੰਬੇ ਸਮੇਂ ਤੋਂ ਨਹੀਂ ਮਿਲ ਰਹੇ, ਜਦਕਿ ਡੈਥ ਕੇਸ ਵੀ ਵਿਭਾਗ ’ਚ ਲਟਕੇ ਪਏ ਹਨ। ਇਸ ਕਾਰਨ ਮ੍ਰਿਤਕ ਕਾਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ।
ਇਸ ਤੋਂ ਇਲਾਵਾ ਕਾਮਿਆਂ ਦੀਆਂ ਲੇਬਰ ਕਾਪੀਆਂ ਰੀਨਿਊ ਨਾ ਹੋਣ ਕਾਰਨ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਵੱਲੋਂ ਨਵੀਂ ਐਪ ਤਿਆਰ ਕੀਤੀ ਗਈ ਹੈ, ਪਰ ਇਹ ਸੇਵਾ ਕੇਂਦਰਾਂ ’ਚ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਤਕਨੀਕੀ ਖ਼ਰਾਬੀ ਕਾਰਨ ਨਾ ਪੁਰਾਣੀਆਂ ਕਾਪੀਆਂ ਰੀਨਿਊ ਹੋ ਰਹੀਆਂ ਹਨ ਤੇ ਨਾ ਹੀ ਨਵੇਂ ਲਾਭਪਾਤਰੀਆਂ ਦੀਆਂ ਕਾਪੀਆਂ ਬਣ ਰਹੀਆਂ ਹਨ। ਕਾਮੇ ਵਾਰ-ਵਾਰ ਸੇਵਾ ਕੇਂਦਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਕਾਮਿਆਂ ਨੇ ਆਪਣੀ ਮਿਹਨਤ ਦੀ ਕਮਾਈ ’ਚੋਂ ਫੀਸਾਂ ਭਰ ਕੇ ਲੇਬਰ ਕਾਰਡ ਬਣਵਾਏ ਸਨ, ਪਰ ਹੁਣ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਨ੍ਹਾਂ ਦੀਆਂ ਫਾਈਲਾਂ ਅੱਗੇ ਨਹੀਂ ਵਧ ਰਹੀਆਂ। ਉਨ੍ਹਾਂ ਪੰਜਾਬ ਸਰਕਾਰ ਤੇ ਕਿਰਤ ਮੰਤਰੀ ਤੋਂ ਮੰਗ ਕੀਤੀ ਕਿ ਨਵੀਂ ਐਪ ਦੀ ਤਕਨੀਕੀ ਸਮੱਸਿਆ ਤੁਰੰਤ ਦੂਰ ਕੀਤੀ ਜਾਵੇ, ਸਾਰੇ ਲਟਕਦੇ ਵਜ਼ੀਫ਼ੇ ਤੇ ਡੈਥ ਕੇਸ ਪਹਿਲ ਦੇ ਆਧਾਰ ’ਤੇ ਨਿਪਟਾਏ ਜਾਣ ਤੇ ਨਵੀਆਂ ਲੇਬਰ ਕਾਪੀਆਂ ਬਣਾਉਣ ਦੇ ਨਾਲ ਪੁਰਾਣੀਆਂ ਕਾਪੀਆਂ ਰੀਨਿਊ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਏਕਟ ਅਤੇ ਏਕਟੂ ਵੱਲੋਂ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।