ਟੰਡਨ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਜਿੱਤੇ ਮੈਡਲ ਟੰਡਨ ਸਕੂਲ ਦੇ ਕਰਾਟੇ ਖਿਡਾਰੀਆਂ ਨੇ 1 ਸੋਨਾ, 2 ਚਾਂਦੀ ਤੇ 3 ਕਾਂਸੀ ਦੇ ਤਮਗੇ ਜਿੱਤੇ
Publish Date: Sun, 20 Sep 2026 04:25 PM (IST)
Updated Date: Mon, 21 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਟੰਡਨ ਇੰਟਰਨੈਸ਼ਨਲ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਮ੍ਰਿਤਸਰ ਵਿਖੇ ਕਰਵਾਈ ਗਈ 13ਵੀਂ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਦੇ ਮੁਕਾਬਲੇ ’ਚ ਖਿਡਾਰੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਦੌਰਾਨ ਸਮਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ। ਗੁਰਨੂਰਪ੍ਰੀਤ ਕੌਰ ਤੇ ਅਮਨਜੋਤ ਕੌਰ ਨੇ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦੇ ਤਮਗੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਦਿਦਾਰਜੋਤ ਸਿੰਘ, ਦਿਲਰਾਜ ਸਿੰਘ ਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਮਗੇ ਜਿੱਤੇ। ਟੰਡਨ ਇੰਟਰਨੈਸ਼ਨਲ ਸਕੂਲ ਦੀ ਕਰਾਟੇ ਟੀਮ ਨੇ ਕੁੱਲ 6 ਤਮਗੇ—1 ਸੋਨਾ, 2 ਚਾਂਦੀ ਅਤੇ 3 ਕਾਂਸੀ ਜਿੱਤ ਕੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ। ਸਕੂਲ ਪ੍ਰਬੰਧਨ ਨੇ ਖਿਡਾਰੀਆਂ ਤੇ ਕੋਚ ਜਗਸੀਰ ਵਰਮਾ ਵੱਲੋਂ ਦਿੱਤੇ ਕੀਮਤੀ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਹ ਸ਼ਾਨਦਾਰ ਪ੍ਰਦਰਸ਼ਨ ਸਕੂਲ ਅਤੇ ਪੂਰੀ ਕਰਾਟੇ ਟੀਮ ਲਈ ਮਾਣ ਵਾਲਾ ਪਲ ਹੈ। ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਰਾਟੇ ਵਰਗੀਆਂ ਖੇਡਾਂ ਵਿਦਿਆਰਥੀਆਂ ’ਚ ਅਨੁਸ਼ਾਸਨ, ਹਿੰਮਤ ਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਟੰਡਨ ਇੰਟਰਨੈਸ਼ਨਲ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਰ ਸੰਭਵ ਸਹੂਲਤ ਅਤੇ ਉਤਸ਼ਾਹ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਤੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਸਾਰੇ ਜੇਤੂ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਲਗਨ, ਮਿਹਨਤ ਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਅਜਿਹੀ ਉਪਲਬਧੀ ਸਕੂਲ ਦੇ ਹੋਰ ਬੱਚਿਆਂ ਨੂੰ ਵੀ ਖੇਡਾਂ ’ਚ ਵਧ-ਚੜ੍ਹ ਕੇ ਭਾਗ ਲੈਣ ਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕਰਦੀ ਹੈ।