ਘਰ 'ਚ ਵੜ ਕੇ ਕੁੱਟਮਾਰ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ, ਸੁਣਾਈ ਦੋ-ਦੋ ਸਾਲ ਦੀ ਕੈਦ ਤੇ ਲਾਇਆ ਜੁਰਮਾਨਾ ਘਰ ’ਚ ਦਾਖਲ ਹੋ ਕੇ ਬੇਸਬਾਲ ਤੇ ਡੰਡਿਆਂ ਨਾਲ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਮਾਮਲੇ ’ਚ ਮਾਣਯੋਗ ਅਦਾਲਤ ਮਨੀ ਅਰੋੜਾ, ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਬਰਨਾਲਾ ਵੱਲੋਂ ਚਾਰ ਮੁਲਜ਼ਮਾਂ ਨੂੰ ਦੋ-ਦੋ ਸਾਲ ਦੀ ਕੈਦ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
Publish Date: Fri, 23 Oct 2026 02:00 PM (IST)
Updated Date: Fri, 23 Oct 2026 02:01 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਘਰ ’ਚ ਦਾਖਲ ਹੋ ਕੇ ਬੇਸਬਾਲ ਤੇ ਡੰਡਿਆਂ ਨਾਲ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਮਾਮਲੇ ’ਚ ਮਾਣਯੋਗ ਅਦਾਲਤ ਮਨੀ ਅਰੋੜਾ, ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਬਰਨਾਲਾ ਵੱਲੋਂ ਚਾਰ ਮੁਲਜ਼ਮਾਂ ਨੂੰ ਦੋ-ਦੋ ਸਾਲ ਦੀ ਕੈਦ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਚੰਦਰ ਬਾਂਸਲ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ, ਵਾਸੀ ਪਿੰਡ ਕਾਨ੍ਹੇਕੇ, ਜ਼ਿਲ੍ਹਾ ਬਰਨਾਲਾ, ਨੇ ਥਾਣਾ ਰੂੜੇਕੇ ਕਲਾਂ ਵਿਖੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਉਸ ਦੀ ਮਾਤਾ ਸਿੰਦਰਪਾਲ ਕੌਰ ਕੋਆਪਰੇਟਿਵ ਸੋਸਾਇਟੀ ਕਾਨ੍ਹੇਕੇ ਦੀ ਮੀਤ ਪ੍ਰਧਾਨ ਹੈ।
ਨਿਰਮਲ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ, ਮਿਤੀ 5 ਸਤੰਬਰ 2019 ਨੂੰ ਸ਼ਾਮ ਕਰੀਬ 7:15 ਵਜੇ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਸੁਖਬੀਰ ਸਿੰਘ ਪੁੱਤਰ ਜਗਦੇਵ ਸਿੰਘ, ਕਰਮਜੀਤ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਖੁਸ਼ਵਿੰਦਰ ਸਿੰਘ ਉਰਫ਼ ਖੁਸ਼ੀ ਅਮਰ ਸਿੰਘ, ਵਾਸੀ ਪਿੰਡ ਕਾਨ੍ਹੇਕੇ, ਮੋਟਰਸਾਈਕਲ ’ਤੇ ਆਏ ਤੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਬੇਸਬਾਲ ਤੇ ਡੰਡਿਆਂ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 63, ਮਿਤੀ 6 ਸਤੰਬਰ 2019, ਥਾਣਾ ਰੂੜੇਕੇ ਕਲਾਂ ਵਿਖੇ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਤੇ ਅਦਾਲਤੀ ਕਾਰਵਾਈ ਉਪਰੰਤ ਮਾਣਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਕੈਦ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।