- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਕੋਰਟ 'ਚ ਨੌਕਰੀਆਂ..! ਜਾਲੀ ਆਈ-ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!

- ਕਰੋੜਾਂ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਲੋਕਾਂ ਨੇ ਫੜਿਆ
- ਛੱਤ ਵੇਚ ਕੇ ਦਿੱਤੇ ਸੀ ਪੈਸੇ, ਹੁਣ ਪੀੜਤਾਂ ਨੇ ਕੈਮਰੇ ਸਾਹਮਣੇ ਬੁਲਾਇਆ ਸੱਚ..!
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਵਿਅਕਤੀ ਆਖਿਰ ਲੰਘੀ ਕੱਲ੍ਹ ਪੀੜਤ ਲੋਕਾਂ ਨੇ ਖੁਦ ਹੀ ਫੜ ਲਿਆ। ਲੋਕਾਂ ਦੇ ਹੱਥੇ ਚੜ੍ਹੇ ਉਕਤ ਵਿਅਕਤੀ ’ਤੇ ਭੜਕੇ ਲੋਕਾਂ ਨੇ ਚੰਗਾ ਹੱਥ ਹੌਲਾ ਵੀ ਕੀਤਾ। ਪਤਾ ਲੱਗਿਆ ਹੈ ਕਿ ਲੋਕਾਂ ਨੇ ਉਕਤ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ, ਪਰ ਪੁਲਿਸ ਅਧਿਕਾਰੀ ਇਸ ਦੀ ਕੋਈ ਪੁਸ਼ਟੀ ਕਰਨ ਲਈ ਅੱਗੇ ਨਹੀਂ ਆਇਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਅਨੁਸਾਰ ਇਕ ਵਿਅਕਤੀ ਖੁਦ ਵੀ ਇੰਕਸ਼ਾਫ ਕਰ ਰਿਹਾ ਹੈ ਕਿ ਉਸ ਨੇ 12 ਤੋਂ 14 ਜਣਿਆਂ ਨੂੰ ਹਾਈਕੋਰਟ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਪ੍ਰਾਪਤ ਕੀਤੇ ਹਨ। ਪਰ ਕਿਸੇ ਨੂੰ ਵੀ ਨੌਕਰੀ ਨਹੀਂ ਦਿਵਾਈ, ਕਿਉਂਕਿ ਉਸ ਦੀ ਅਜਿਹੀ ਕੋਈ ਪੁਜੀਸ਼ਨ ਹੀ ਨਹੀਂ ਕਿ ਉਹ ਕਿਸੇ ਨੂੰ ਨੌਕਰੀ ਦਿਵਾ ਸਕੇ। ਵੱਡਾ ਸਵਾਲ ਇਹ ਵੀ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਨੌਕਰੀਆਂ ਦੇ ਨਾਂ ’ਤੇ ਠੱਗੀ ਮਾਰਨ ਵਾਲਾ, ਪੂਰਾ ਗਿਰੋਹ ਹੋਵੇਗਾ, ਇਕੱਲਾ ਇਕਹਿਰਾ ਵਿਅਕਤੀ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇਕਰ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਹੋਰ ਵਿਅਕਤੀ ਵੀ ਸਾਹਮਣੇ ਆ ਸਕਦੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਉਕਤ ਵਿਅਕਤੀ ਮਾਨਾ ਪਿੰਡੀ ਧਨੌਲਾ ਵਿਖੇ ਇੱਕ ਔਰਤ ਕੋਲ ਠਹਿਰਿਆ ਹੋਇਆ ਸੀ। ਜਦੋਂ ਇਸ ਦੀ ਭਿਣਕ ਪੀੜਤ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ੳਸ ਨੂੰ ਉੱਥੋਂ ਹੀ ਫੜ ਲਿਆ ਤੇ ਟ੍ਰਾਈਡੈਂਟ ਗਰੁੱਪ ਦੇ ਨਜਦੀਕ ਬਣੇ ਇੱਕ ਕੈਟਰਿੰਗ ਦੇ ਦਫਤਰ ਵਿੱਚ ਲੈ ਪਹੁੰਚੇ। ਉੱਥੇ ਉਨ੍ਹਾਂ ਹੱਥ ਹੌਲਾ ਕਰ ਕੇ, ਮੁਲਜ਼ਮ ਤੋਂ ਸਾਰਾ ਕੁੱਝ ਮਨਵਾ ਕੇ, ਉਸ ਦੀ ਵੀਡੀਓ ਵੀ ਬਣਾ ਲਈ। ਇਸ ਮੌਕੇ ਕੁਲਵੰਤ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਵਿਅਕਤੀਆਂ ਨੇ ਦੱਸਿਆ ਕਿ ਸੀ ਕਿ ਇੱਕ ਵਿਅਕਤੀ ਜੋ ਕਿ ਚੰਡੀਗੜ੍ਹ ਕੋਰਟ ਵਿੱਚ ਕਲਰਕ ਦੀ ਨੌਕਰੀ ਦਿਵਾ ਸਕਦਾ ਹੈ। ਜਦੋਂ ਉਨ੍ਹਾਂ ਗੱਲ ਕੀਤੀ ਤਾਂ ਮੁਲਜ਼ਮ ਨੇ ਨੌਕਰੀ ਦਿਵਾਉਣ ਬਦਲੇ 8 ਲੱਖ ਰੁਪਏ ਦੀ ਮੰਗ ਕੀਤੀ ਤੇ ਸੌਦਾ 6 ਲੱਖ ਰੁਪਏ ਵਿੱਚ ਤੈਅ ਹੋਇਆ। ਉਨ੍ਹਾਂ ਆਪਣਾ ਘਰ ਵੇਚ ਕੇ, ਉਸ ਮੁਲਜ਼ਮ ਨੂੰ 6 ਲੱਖ ਰੁਪਏ ਵੀ ਦੇ ਦਿੱਤੇ। ਪਰ ਕੋਈ ਨੌਕਰੀ ਨਹੀਂ ਦਿਵਾਈ। ਉਨ੍ਹਾਂ ਬਹੁਤ ਹੀ ਭਾਵੁਕ ਲਹਿਜੇ ਵਿੱਚ ਦੱਸਿਆ ਕਿ ਉਸ ਨੇ ਮੁੰਡੇ ਨੂੰ ਨੌਕਰੀ ਤਾਂ ਕੀ ਦਿਵਾਉਣੀ ਸੀ, ਜੁਆਕਾਂ ਦੇ ਸਿਰ ਦੀ ਛੱਤ ਯਾਨੀ ਘਰ ਵੀ ਗੁਆ ਲਿਆ।
ਇਸ ਮੌਕੇ ਵੀਡੀਓ ਵਿੱਚ ਖੜ੍ਹੇ ਦਿਖਾਈ ਦੇ ਰਹੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਵੀ ਆਪਣੇ ਲੜਕੇ ਨੂੰ ਨੌਕਰੀ ਦਿਵਾਉਣ ਲਈ ਲੱਖਾਂ ਰੁਪਏ ਮੁਲਜ਼ਮ ਨੂੰ ਦਿੱਤੇ ਹਨ। ਪਰ ਕੁੱਝ ਵੀ ਪੱਲੇ ਨਹੀਂ ਪਿਆ। ਇਸ ਮੌਕੇ ਲੋਕਾਂ ਦੇ ਝੰਬੇ ਤੇ ਸਹਿਮੇ ਹੋਏ ਮੁਲਜ਼ਮ ਨੇ ਕਬੂਲ ਕੀਤਾ ਕਿ ਆਹ 7 ਵਿਅਕਤੀ ਤਾਂ ਮੌਕੇ ’ਤੇ ਹੀ ਖੜ੍ਹੇ ਹਨ, ਜਿਨ੍ਹਾਂ ਤੋਂ ਉਸ ਨੇ ਨੌਕਰੀ ਬਦਲੇ ਲੱਖਾਂ ਰੁਪਏ ਲਏ ਹਨ। ਇਨ੍ਹਾਂ ਤੋਂ ਇਲਾਵਾ 4/5 ਜਣੇ ਹੋਰ ਵੀ ਹਨ, ਜਿਨ੍ਹਾਂ ਤੋਂ ਨੌਕਰੀ ਬਦਲੇ ਰੁਪਏ ਵਸੂਲ ਕੀਤੇ ਹਨ। ਉਹ ਕਹਿ ਰਿਹਾ ਹੈ ਕਿ ਉਸ ਨੂੰ ਰੁਪੱਈਆਂ ਦੀ ਲੋੜ ਸੀ, ਉਸ ਨੂੰ ਘਾਟਾ ਪੈ ਗਿਆ ਸੀ। ਲੋਕ ਉਸ ਤੋਂ ਰੁਪਏ ਮੰਗ ਰਹੇ ਸਨ, ਇਸ ਕਰਕੇ, ਉਸ ਨੇ ਮਜਬੂਰ ਹੋ ਕੇ, ਇਹ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਹ ਜਾਅਲੀ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਨੌਕਰੀਆਂ ਦੇ ਆਰਡਰ ਤਿਆਰ ਕਰਦਾ ਰਿਹਾ ਹੈ। ਉਸ ਨੇ ਆਪਣਾ ਖੁਦ ਦਾ ਆਈਕਾਰਡ ਵੀ ਜਾਅਲੀ ਹੀ ਤਿਆਰ ਕੀਤਾ ਹੋਇਆ ਹੈ।
ਪੁਲਿਸ ਲਈ ਕੇਸ ਦਰਜ ਕਰਨਾ ਵੀ ਹੋਇਆ ਔਖਾ..! : ਬੇਸ਼ੱਕ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਉਕਤ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ। ਇਸ ਦਾ ਸਭ ਤੋਂ ੳੱਡਾ ਕਾਨੂੰਨੀ ਪਹਿਲੂ ਇਹ ਮੰਨਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨਾਲ ਰੁਪਏ ਦਾ ਲੈਣ-ਦੇਣ, ਥਾਣਾ ਸਿਟੀ 1 ਬਰਨਾਲਾ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੋਇਆ। ਉਕਤ ਵਿਅਕਤੀ ਨੂੰ ਫੜ੍ਹਿਆ ਵੀ ਮਾਨਾ ਪਿੰਡੀ, ਇਲਾਕਾ ਜਿਹੜਾ ਥਾਣਾ ਧਨੌਲਾ ਦਾ ਖੇਤਰ ਵਿੱਚ ਪੈਂਦਾ ਹੈ। ਇਸ ਤੋਂ ਇਲਾਵਾ ਇਹ ਵੀ ਅਹਿਮ ਗੱਲ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਦਿਖਾਉਣਾ, ਉਦੋਂ ਵਧੇਰੇ ਮੁਸ਼ਕਿਲ ਹੈ ਜਦੋਂ ਉਸ ਖ਼ਿਲਾਫ਼ ਕੋਈ ਐੱਫਆਈਆਰ ਵੀ ਦਰਜ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਸਿਟੀ 1 ਬਰਨਾਲਾ ਦੇ ਐੱਸਐੱਚਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਘਟਨਾਕ੍ਰਮ ਦੀ ਪੁਸ਼ਟੀ ਤਾਂ ਕੀਤੀ, ਪਰ ਇਹ ਵੀ ਕਿਹਾ ਕਿ ਹਾਲੇ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ, ਕੋਈ ਕੇਸ ਦਰਜ ਨਹੀਂ ਹੋਇਆ, ਜਦੋਂ ਕੇਸ ਦਰਜ ਨਹੀਂ ਹੋਇਆ, ਫਿਰ ਉਸ ਦੀ ਗ੍ਰਿਫਤਾਰੀ ਦਾ ਸਵਾਲ ਹੀ ਨਹੀਂ ਉੱਠਦਾ।