ਆਜ਼ਾਦੀ ਦਿਹਾੜੇ 'ਤੇ ਬਰਨਾਲਾ 'ਚ ਗੂੰਜਿਆ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ, ਕੱਢੀ ਗਈ ਵਿਸ਼ਾਲ ਤਿਰੰਗਾ ਯਾਤਰਾ ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ 'ਜੈ ਜਵਾਨ, ਜੈ ਕਿਸਾਨ' ਪੈਦਲ ਤਿਰੰਗਾ ਯਾਤਰਾ ਕੱਢੀ ਗਈ । ਇਸ ਯਾਤਰਾ ਦੌਰਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।
Publish Date: Sun, 16 Aug 2026 03:26 PM (IST)
Updated Date: Sun, 16 Aug 2026 03:27 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ 'ਜੈ ਜਵਾਨ, ਜੈ ਕਿਸਾਨ' ਪੈਦਲ ਤਿਰੰਗਾ ਯਾਤਰਾ ਕੱਢੀ ਗਈ । ਇਸ ਯਾਤਰਾ ਦੌਰਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।
ਇਸੇ ਲੜੀ ਤਹਿਤ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਬਰਨਾਲਾ ਕਲੱਬ ਦੇ ਜਨਰਲ ਸੈਕਟਰੀ ਈਸ਼ਵਰ ਸਿੰਘ ਜੰਡੂ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੈਲੀ ਕੱਢੀ ਗਈ। ਇਹ 'ਜੈ ਜਵਾਨ ਜੈ ਕਿਸਾਨ' ਪੈਦਲ ਤਿਰੰਗਾ ਯਾਤਰਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਹੇਠ ਨਿਕਲੀ। ਇਸ ਯਾਤਰਾ ਵਿੱਚ 'ਆਪ' ਦੇ ਕਰੀਬ 400 ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਇਹ ਪੈਦਲ ਯਾਤਰਾ ਰੇਲਵੇ ਸਟੇਸ਼ਨ ਬਰਨਾਲਾ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਰਾਹੀਂ ਹੁੰਦੀ ਹੋਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ 'ਤੇ ਸਮਾਪਤ ਹੋਈ, ਜਿੱਥੇ ਸਾਰਿਆਂ ਨੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ।
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਈਸ਼ਵਰ ਸਿੰਘ ਜੰਡੂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ।
ਸਦਰ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹੀਦ-ਏ-ਆਜ਼ਮ ਦੀ ਜੀਵਨੀ 'ਤੇ ਝਾਤ ਪਾਈ। ਉਨ੍ਹਾਂ ਨੇ ਭਰ ਜਵਾਨੀ ਵਿੱਚ ਦੇਸ਼ ਦੀ ਆਜ਼ਾਦੀ ਲਈ ਦਿੱਤੀ ਗਈ ਅਜ਼ੀਮ ਕੁਰਬਾਨੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ। ਮੀਤ ਹੇਅਰ ਨੇ ਅੱਗੇ ਕਿਹਾ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਹੀ ਸਿਆਸਤ ਵਿੱਚ ਆਏ ਹਾਂ ਅਤੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਪ੍ਰਦਾਨ ਕੀਤੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲੀਏ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਕੌਂਸਲ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਸਮੇਤ ਆਮ ਆਦਮੀ ਪਾਰਟੀ ਦੇ ਕਈ ਹੋਰ ਪ੍ਰਮੁੱਖ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।