- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰੇ ਮਰਹੂਮ ਪਿਤਾ ਖਿਲਾਫ਼ ਬੋਲੇ ਗਏ ਅਪਸ਼ਬਦਾਂ ’ਤੇ ਜੇਕਰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਇਕ ਹਫ਼ਤੇ ਦੇ ਅੰਦਰ ਮਾਫੀ ਨਹੀਂ ਮੰਗਦੇ ਤਾਂ ਉਹ ਜਿਥੇ ਮਾਨਯੋਗ ਅਦਾਲਤਾਂ ਦਾ ਰੁੱਖ ਕਰਨਗੇ, ਉਥੇ ਹੀ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਬਰਨਾਲਾ ਦੀ ਸਮੁਚੀ ਟੀਮ ਸਣੇ ਕੇਵਲ ਢਿੱਲੋਂ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕਰਕੇ ਤਿੱਖਾ ਸੰਘਰਸ਼ ਕਰਨਗੇ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੇਰੇ ਮਰਹੂਮ ਪਿਤਾ ਖਿਲਾਫ਼ ਬੋਲੇ ਗਏ ਅਪਸ਼ਬਦਾਂ ’ਤੇ ਜੇਕਰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਇਕ ਹਫ਼ਤੇ ਦੇ ਅੰਦਰ ਮਾਫੀ ਨਹੀਂ ਮੰਗਦੇ ਤਾਂ ਉਹ ਜਿਥੇ ਮਾਨਯੋਗ ਅਦਾਲਤਾਂ ਦਾ ਰੁੱਖ ਕਰਨਗੇ, ਉਥੇ ਹੀ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਬਰਨਾਲਾ ਦੀ ਸਮੁਚੀ ਟੀਮ ਸਣੇ ਕੇਵਲ ਢਿੱਲੋਂ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕਰਕੇ ਤਿੱਖਾ ਸੰਘਰਸ਼ ਕਰਨਗੇ। ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਤੋਂ ਇੰਚਾਰਜ ਤੇ ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਫਰਜੰਦ ਨੇ ਸਥਾਨਕ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਵਿਖੇ ਕੇਵਲ ਢਿੱਲੋਂ ਖਿਲਾਫ਼ ਰੱਖੀ ਇਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਤੋਂ ਦਿਹਾਤੀ ਪ੍ਰਧਾਨ ਤੇ ਹਲਕਾ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਾਬਕਾ ਸੰਸਦੀ ਸਕੱਤਰ ਤੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਲਬੀਰ ਸਿੰਘ ਘੁੰਨਸ,ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਟੇਟ ਨਿਊ ਜਰਸੀ ਯੂਐਸਏ ਤੇ ਚੇਅਰਮੈਨ ਵਰਲਡ ਸਿੱਖ ਇੰਲਾਇੰਸ ਅੰਤਰਰਾਸ਼ਟਰੀ ਫਾਊਡੇਸ਼ਨ, ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰੁਪਿੰਦਰ ਸਿੰਘ ਸੰਧੂ, ਸਾਬਕਾ ਨਗਰ ਕੌਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਹਲਕਾ ਮਹਿਲਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਬਾਬਾ ਗਾਂਧਾ ਸਿੰਘ,ਬੇਅੰਤ ਸਿੰਘ ਬਾਠ ਤੇ ਗੋਪੀ ਧਨੌਲਾ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਸਮੁੱਚੀ ਜਿਲ੍ਹਾ ਲੀਡਰਸ਼ਿਪ ਵੀ ਹਾਜਰ ਸੀ। ਵੱਖ ਵੱਖ ਆਗੂਆਂ ਨੇ ਕੇਵਲ ਸਿੰਘ ਢਿੱਲੋਂ ਵੱਲੋਂ ਮਰਹੂਮ ਮਲਕੀਤ ਸਿੰਘ ਕੀਤੂ ਮਲੰਗ, ਗੈਂਗਸਟਰ, ਬਲੈਕੀਆ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਵਾਲੇ ਸੰਬੋਧਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਜਿੱਥੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਵਫਾਦਾਰ ਲੀਡਰ ਰਹੇ ਉੱਥੇ ਬਰਨਾਲਾ ਦੇ ਸਮੁੱਚੇ ਲੋਕਾਂ ਦੇ ਦੁੱਖ ਸੁੱਖ ’ਚ ਭਾਈਵਾਲ ਸਨ, ਉਹ ਹਰ ਇੱਕ ਦੇ ਨਾਲ ਚਟਾਣ ਵਾਂਗ ਖੜਦੇ ਸਨ ਤੇ ਲੋੜਵੰਦ ਪਰਿਵਾਰਾਂ ਲਈ ਹਮੇਸ਼ਾ ਅੱਗੇ ਆਉਂਦੇ ਸਨ। ਜਿਨ੍ਹਾਂ ਨੇ ਦੇਸ਼ ਅਤੇ ਪੰਜਾਬ ਅੰਦਰ ਸਭ ਤੋਂ ਪਹਿਲਾਂ ਲੋੜਵੰਦ ਪਰਿਵਾਰਾਂ ਦੇ ਲਈ ਆਟਾ ਦਾਲ ਸਕੀਮ ਲਾਗੂ ਕਰਨ ’ਚ ਆਪਣਾ ਵਡਮੁੱਲਾ ਯੋਗਦਾਨ ਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਕੀਤੂ ਹਮੇਸ਼ਾ ਹੀ ਲੋੜਵੰਦ ਪਰਿਵਾਰ ਦੇ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਲੋੜਵੰਦ ਲੜਕੀਆਂ ਦੇ ਵਿਆਹ ਕਾਰਜ ਕਰਨ ਸਮੇਤ ਵਿਧਾਇਕ ਸਮੇਂ ਆਪਣੇ ਹਲਕੇ ਬਰਨਾਲੇ ਤੋਂ ਇਲਾਵਾ ਸਮੁੱਚੇ ਪੰਜਾਬ ਅੰਦਰ ਸਮਾਜ ਸੇਵਾ ਦੇ ਉਪਰਾਲੇ ਕਰਦੇ ਸਨ।
ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਸਵ.ਮਲਕੀਤ ਸਿੰਘ ਕੀਤੂ ਖਿਲਾਫ ਕੀਤੀਆਂ ਨਾ ਸਹਿਣਯੋਗ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਵਲ ਸਿੰਘ ਢਿੱਲੋ ਨੇ ਇੱਕ ਹਫਤੇ ਦੇ ਅੰਦਰ ਅੰਦਰ ਆਪਣੇ ਬੋਲੇ ਗਏ ਸ਼ਬਦਾਂ ਤੋਂ ਮਾਫੀ ਨਾ ਮੰਗੀ ਤਾਂ ਸ੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਬਰਨਾਲਾ ਸਮੇਤ ਪਿੰਡ ਪਿੰਡ ਜਾ ਕੇ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਸਵ. ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਲਕੀਤ ਸਿੰਘ ਕੀਤੂ ਉਪਰ ਕੀਤੀ ਗਈ ਟਿੱਪਣੀ ਬਹੁਤ ਹੀ ਨਿੰਦਣਯੋਗ ਹੈ ਇੱਕ ਜਿੰਮੇਦਾਰ ਆਗੂ ਦੇ ਮੂੰਹੋਂ ਅਜਿਹੇ ਸ਼ਬਦ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਨਹੀਂ ਮੰਗਦੇ ਤਾਂ ਉਹ ਮਾਣਯੋਗ ਅਦਾਲਤ ’ਚ ਜਾਣਗੇ ਤੇ ਵੱਡਾ ਸੰਘਰਸ਼ ਕਰਨਗੇ।
ਇਸ ਮਾਮਲੇ ਨੂੰ ਲੈਕੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਤੋਂ ਦਿਹਾਤੀ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵੀ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋ ਵੱਲੋਂ ਕੀਤੀ ਗਈ ਟਿੱਪਣੀ ਤੇ ਸਖਤ ਸ਼ਬਦਾਂ ਦਾ ਨਾਲ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ’ਚ ਸਵ. ਮਲਕੀਤ ਸਿੰਘ ਕੀਤੂ ਮੌਜੂਦ ਨਹੀਂ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਅਜਿਹੀ ਕੋਝੀ ਰਾਜਨੀਤੀ ਕਰਨਾ ਬਹੁਤ ਨਿੰਦਣਯੋਗ ਹੈ। ਸਵ. ਮਲਕੀਤ ਸਿੰਘ ਕੀਤੂ ਗਰੀਬਾਂ ਦੇ ਹਮਦਰਦ ਅਤੇ ਲੋਕ ਆਵਾਜ਼ ਸਨ। ਜੋ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਵਫਾਦਾਰ ਸਿਪਾਹੀ ਸਨ ਉੱਥੇ ਲੋਕਾਂ ਦੇ ਦਿਲ ’ਚ ਵੱਸਦੇ ਸਨ। ਕੇਵਲ ਸਿੰਘ ਢਿੱਲੋ ਵੱਲੋਂ ਵਰਤੇ ਗਏ ਸ਼ਬਦਾਂ ਨਾਲ ਜਿੱਥੇ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਦੁੱਖ ਪਹੁੰਚਿਆ ਹੈ ਉੱਥੇ ਬਰਨਾਲਾ ਸਮੇਤ ਪੰਜਾਬ ਦੇ ਲੋਕ ਵੀ ਇਸ ਦੀ ਸੋਸ਼ਲ ਮੀਡੀਆ ਨਿਖੇਧੀ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਬੀਜੇਪੀ ਲੀਡਰ ਕੇਵਲ ਸਿੰਘ ਢਿੱਲੋ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਨਹੀਂ ਮੰਗਦੇ ਤਾਂ ਵੱਡਾ ਸੰਘਰਸ਼ ਉਲੀਕਾ ਜਾਵੇਗਾ ਅਤੇ ਮਾਨਯੋਗ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਵੇਗਾ।