'ਮੈਂ ਪਾਰਟੀ ਬਦਲਾਂਗਾ, ਤਾਂ ਵੋਟ ਨਾ ਦੇਣਾ'- ਚਰਨਜੀਤ ਚੰਨੀ ਨੇ ਠੁਕਰਾਇਆ ਭਾਜਪਾ ਦਾ ਆਫ਼ਰ, ਕਾਂਗਰਸ ਪ੍ਰਤੀ ਪ੍ਰਗਟਾਈ ਅਟੁੱਟ ਨਿਸ਼ਠਾ
ਉਨ੍ਹਾਂ ਕਿਹਾ, ‘ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਜਨਰਲ ਸ਼ੇ੍ਣੀ ਵਾਲੇ ਆਏ ਤੇ ਕਿਹਾ ਕਿ ਸਾਡਾ ਫੋਰਮ ਬਣਨਾ ਚਾਹੀਦਾ, ਮੈਂ ਉਸੇ ਸਮੇਂ ਜਨਰਲ ਸ਼ੇ੍ਣੀ ਕਮਿਸ਼ਨ ਬਣਾਇਆ ਸੀ।’ ਚੰਨੀ ਨੇ ਕਿਹਾ ਕਿ ਇਹ ਵਿਰੋਧੀਆਂ ਦੀਆਂ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਹਨ।
Publish Date: Tue, 20 Jan 2026 07:45 PM (IST)
Updated Date: Tue, 20 Jan 2026 07:49 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ‘ਮੈਨੂੰ ਤਾਂ ਸਾਰੀਆਂ ਹੀ ਪਾਰਟੀਆਂ ਸੱਦ ਰਹੀਆਂ ਹਨ।’ ਹਾਸੇ-ਠੱਠੇ ’ਚ ਇਹ ਸ਼ਬਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਦ ਕਹੇ ਜਦ ਉਨ੍ਹਾਂ ਨੂੰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਸੋਸ਼ਲ ਮੀਡੀਆ ਰਾਹੀਂ ਆਫਰ ਦਿੱਤੇ ਜਾਣ ’ਤੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ’ਚ ਹੀ ਰਹਿਣਗੇ, ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ। ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ’ਤੇ ਮੁਖਾਤਿਬ ਹੁੰਦੇ ਹੋਏ ਕਿਹਾ, ‘ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਚੰਨੀ ਜੇ ਕਦੇ ਪਾਰਟੀ ਬਦਲ ਲਵੇ ਤਾਂ ਕੋਈ ਵੀ ਉਸ ਨੂੰ ਵੋਟ ਨਾ ਪਾਵੇ।’
ਦੱਸ ਦੇਈਏ ਕਿ ਸੋਮਵਾਰ ਨੂੰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਚੰਨੀ ਨੂੰ ਭਾਜਪਾ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਚੰਨੀ ਮੰਗਲਵਾਰ ਨੂੰ ਬਰਨਾਲਾ ਵਿਖੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ’ਤੇ ਪੁੱਜੇ ਸਨ।
ਜਦ ਸਾਬਕਾ ਸੀਐੱਮ ਚੰਨੀ ਨੂੰ ਕਾਂਗਰਸ ’ਚ ਵੱਡੇ ਅਹੁਦਿਆਂ ’ਤੇ ਅਪਰ ਕਾਸਟ ਵਾਲੇ ਆਪਣੇ ਬਿਆਨ ’ਤੇ ਖੁੱਲ੍ਹ ਕੇ ਟਿੱਪਣੀ ਕਰਦੇ ਹੋਏ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ, ‘ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਜਨਰਲ ਸ਼ੇ੍ਣੀ ਵਾਲੇ ਆਏ ਤੇ ਕਿਹਾ ਕਿ ਸਾਡਾ ਫੋਰਮ ਬਣਨਾ ਚਾਹੀਦਾ, ਮੈਂ ਉਸੇ ਸਮੇਂ ਜਨਰਲ ਸ਼ੇ੍ਣੀ ਕਮਿਸ਼ਨ ਬਣਾਇਆ ਸੀ।’ ਚੰਨੀ ਨੇ ਕਿਹਾ ਕਿ ਇਹ ਵਿਰੋਧੀਆਂ ਦੀਆਂ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਚਾਲਾਂ ਹਨ।
ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਾਰੀ ਟੀਮ ਹਾਜ਼ਰ ਸੀ।