ਚੋਰਾਂ ਦਾ ਕਹਿਰ, ਇੱਕੋ ਰਾਤ 18 ਕਿਸਾਨਾਂ ਦੀਆਂ ਮੋਟਰਾਂ ਤੋਂ ਸੈਂਕੜੇ ਫੁੱਟ ਕੇਬਲਾਂ ਚੋਰੀ
ਕਿਸਾਨਾਂ ਅਨੁਸਾਰ ਚੋਰਾਂ ਨੇ ਬੜੀ ਬੇਖੌਫ਼ੀ ਨਾਲ ਵੱਖ-ਵੱਖ ਖੇਤਾਂ ’ਚ ਦਾਖ਼ਲ ਹੋ ਕੇ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕੋ ਰਾਤ ’ਚ 18 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਣਾ ਆਮ ਚੋਰੀ ਦੀ ਘਟਨਾ ਨਹੀਂ, ਸਗੋਂ ਪਿੰਡ ’ਚ ਚੋਰਾਂ ਦੇ ਵਧ ਰਹੇ ਹੌਸਲੇ ਨੂੰ ਦਰਸਾਉਂਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਕੇਬਲ ਚੋਰੀਆਂ ਦੀ ਵੀ ਪੜਤਾਲ ਕਰਕੇ ਚੋਰ ਗਿਰੋਹ ਦਾ ਪਤਾ ਲਗਾਇਆ ਜਾਵੇ।
Publish Date: Fri, 02 Oct 2026 04:35 PM (IST)
Updated Date: Fri, 02 Oct 2026 04:38 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ। ਪਿੰਡ ਸਹੌਰ ’ਚ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਇੱਕੋ ਰਾਤ ’ਚ 18 ਕਿਸਾਨਾਂ ਦੀਆਂ ਮੋਟਰਾਂ ਤੋਂ ਸੈਂਕੜੇ ਫੁੱਟ ਬਿਜਲੀ ਦੀਆਂ ਕੇਬਲਾਂ ਵੱਢ ਕੇ ਲੈ ਗਏ।
ਇਸ ਘਟਨਾ ਨੇ ਪਿੰਡ ਸਹੌਰ ’ਚ ਪਿਛਲੇ ਕਰੀਬ ਦੋ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਮੋਟਰਾਂ ਦੀਆਂ ਕੇਬਲਾਂ ਦੀਆਂ ਚੋਰੀਆਂ ਨੂੰ ਮੁੜ ਚਰਚਾ ’ਚ ਲਿਆ ਦਿੱਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਸਹੌਰ, ਸਰਪੰਚ ਲਖਬੀਰ ਸਿੰਘ ਸਹੌਰ ਅਤੇ ਕਿਸਾਨ ਗੁਰਦੀਪ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਦਲੀਪ ਸਿੰਘ ਦੀ ਮੋਟਰ ਤੋਂ 30 ਫੁੱਟ, ਬਹਾਦਰ ਸਿੰਘ ਤੋਂ 45 ਫੁੱਟ, ਕੁਲਦੀਪ ਸਿੰਘ ਤੇ ਭੁਪਿੰਦਰ ਸਿੰਘ ਤੋਂ 40-40 ਫੁੱਟ, ਹਰਜੀਤ ਸਿੰਘ ਤੋਂ 35 ਫੁੱਟ, ਮੇਜਰ ਸਿੰਘ ਤੋਂ 50 ਫੁੱਟ, ਵਰਿਆਮ ਸਿੰਘ ਅਤੇ ਬਿੰਦਰ ਸਿੰਘ ਤੋਂ 40-40 ਫੁੱਟ ਕੇਬਲ ਚੋਰੀ ਕੀਤੀ ਗਈ।
ਇਸੇ ਤਰ੍ਹਾਂ ਬਹਾਦਰ ਸਿੰਘ ਦੀ ਇੱਕ ਹੋਰ ਮੋਟਰ ਤੋਂ 35 ਫੁੱਟ, ਸਰਬਜੀਤ ਸਿੰਘ ਤੋਂ 40 ਫੁੱਟ, ਭਗਵੰਤ ਸਿੰਘ, ਜਗਤਾਰ ਸਿੰਘ ਤੇ ਗੁਰਜੰਟ ਸਿੰਘ ਤੋਂ 30-30 ਫੁੱਟ, ਅਜਮੇਰ ਸਿੰਘ ਤੋਂ 35 ਫੁੱਟ, ਗੁਰਚਰਨ ਸਿੰਘ ਤੋਂ 45 ਫੁੱਟ, ਤਰਸੇਮ ਚੰਦ ਤੋਂ 30 ਫੁੱਟ ਅਤੇ ਦਰਬਾਰਾ ਸਿੰਘ ਤੋਂ 35 ਫੁੱਟ ਕੇਬਲ ਵੱਢ ਕੇ ਚੋਰੀ ਕੀਤੀ ਗਈ।
ਕਿਸਾਨਾਂ ਅਨੁਸਾਰ ਚੋਰਾਂ ਨੇ ਬੜੀ ਬੇਖੌਫ਼ੀ ਨਾਲ ਵੱਖ-ਵੱਖ ਖੇਤਾਂ ’ਚ ਦਾਖ਼ਲ ਹੋ ਕੇ ਮੋਟਰਾਂ ਨੂੰ ਨਿਸ਼ਾਨਾ ਬਣਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਇੱਕੋ ਰਾਤ ’ਚ 18 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਣਾ ਆਮ ਚੋਰੀ ਦੀ ਘਟਨਾ ਨਹੀਂ, ਸਗੋਂ ਪਿੰਡ ’ਚ ਚੋਰਾਂ ਦੇ ਵਧ ਰਹੇ ਹੌਸਲੇ ਨੂੰ ਦਰਸਾਉਂਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਕੇਬਲ ਚੋਰੀਆਂ ਦੀ ਵੀ ਪੜਤਾਲ ਕਰਕੇ ਚੋਰ ਗਿਰੋਹ ਦਾ ਪਤਾ ਲਗਾਇਆ ਜਾਵੇ।
ਕਿਸਾਨ ਆਗੂ ਸਰਬਜੀਤ ਸਿੰਘ ਸਹੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਪਿੰਡ ਤੇ ਖੇਤਾਂ ’ਚ ਰਾਤ ਦੀ ਗਸ਼ਤ ਵਧਾਉਣ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਕਾਬੂ ਕਰਨ ਅਤੇ ਚੋਰੀ ਦੀਆਂ ਕੇਬਲਾਂ ਖਰੀਦਣ ਵਾਲਿਆਂ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ।
ਚੋਰੀ ਦੀ ਘਟਨਾ ਸਬੰਧੀ ਕਿਸਾਨਾਂ ਵੱਲੋਂ ਥਾਣਾ ਠੁੱਲੀਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਥਾਣਾ ਠੁੱਲੀਵਾਲ ਦੇ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਗੁਰਨਾਮ ਸਿੰਘ ਚੌਹਾਨਕੇ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।