ਰੂਹ ਕੰਬਾਊ ਹਾਦਸਾ : ਗਲਤ ਸਾਈਡ ਤੋਂ ਆ ਰਹੇ 'ਛੋਟੇ ਹਾਥੀ' ਨੇ ਬਾਈਕ ਸਵਾਰ ਨੂੰ ਦਰੜਿਆ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ ਡਿਆਇਆ ਚੌਂਕ ਨੇੜੇ ਡੀ-ਮਾਰਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਲਤ ਦਿਸ਼ਾ ਤੋਂ ਆ ਰਹੇ ਇੱਕ 'ਛੋਟਾ ਹਾਥੀ' (ਟੈਂਪੂ) ਨੇ ਇੱਕ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਚਾਲਕ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
Publish Date: Fri, 28 Aug 2026 01:07 PM (IST)
Updated Date: Fri, 28 Aug 2026 01:08 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਹੰਡਿਆਇਆ ਚੌਂਕ ਨੇੜੇ ਡੀ-ਮਾਰਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਲਤ ਦਿਸ਼ਾ ਤੋਂ ਆ ਰਹੇ ਇੱਕ 'ਛੋਟਾ ਹਾਥੀ' (ਟੈਂਪੂ) ਨੇ ਇੱਕ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਚਾਲਕ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਹਰਵਿੰਦਰ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟਾ ਹਾਥੀ ਗਲਤ ਸਾਈਡ ਤੋਂ ਆ ਰਿਹਾ ਸੀ, ਜਿਸ ਨੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਐਨਾ ਜ਼ਬਰਦਸਤ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਅਮਨਜੋਤ ਸਿੰਘ ਉਮਰ 22 ਸਾਲ, ਵਾਸੀ ਪਿੰਡ ਖੋਖਰ ਨੇੜੇ ਰਾਮਪੁਰਾ ਫੂਲ ਵਜੋਂ ਹੋਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਛੋਟਾ ਹਾਥੀ ਦਾ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ-2 ਦੇ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਫਰਾਰ ਟੈਂਪੂ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।