ਹੈਲਥ ਵੈੱਲਨੈੱਸ ਸੈਂਟਰ ਕੋਟਦੁੱਨਾ ਬਣਿਆ ਰਾਸ਼ਟਰੀ ਗੁਣਵੱਤਾ ਪ੍ਰਾਪਤ ਸੈਂਟਰ
ਹੈਲਥ ਵੈਲਨੈੱਸ ਸੈਂਟਰ ਕੋਟਦੁੱਨਾ ਬਣਿਆ ਰਾਸ਼ਟਰੀ ਗੁਣਵੱਤਾ ਪ੍ਰਾਪਤ ਸੈਂਟਰ
Publish Date: Wed, 25 Mar 2026 05:32 PM (IST)
Updated Date: Wed, 25 Mar 2026 05:34 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸਿਹਤ ਵਿਭਾਗ ਵਿਭਾਗ ਬਰਨਾਲਾ ਦੀ ਇੱਕ ਹੋਰ ਪ੍ਰਾਪਤੀ, ਹੈਲਥ ਵੈੱਲਨੈੱਸ ਸੈਂਟਰ ਕੋਟਦੁੱਨਾ (ਧਨੌਲਾ) ਨੇ ਰਾਸ਼ਟਰੀ ਪ੍ਰਮਾਣ ਪੱਤਰ ਪ੍ਰਾਪਤ ਹੈਲਥ ਵੈੱਲਨੈੱਸ ਸੈਂਟਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਅਨੁਸਾਰ ਸਾਲ 2025 ਦੀ ਰਾਸ਼ਟਰੀ ਪੱਧਰ ਦੀ (ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ) ਜਾਂਚ ਵਿੱਚ 89.15% ਫ਼ੀਸਦੀ ਸਕੋਰ ਪ੍ਰਾਪਤ ਕਰ ਕੇ ਰਾਸ਼ਟਰੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਸ ਬਾਰੇ ਟੀਮ ਵੱਲੋਂ ਕੁਝ ਮਹੀਨੇ ਪਹਿਲਾਂ ਕੋਟਦੁੱਨਾ ਸੈਂਟਰ ਦਾ ਦੌਰਾ ਕੀਤਾ ਗਿਆ ਸੀ ਤੇ ਸਿਹਤ ਸੇਵਾਵਾਂ ਦੇ ਵੱਖ ਵੱਖ ਪੈਮਾਨਿਆਂ ਦੀ ਜਾਂਚ ਕੀਤੀ ਗਈ ਸੀ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਮੇਂ ਦੇ ਹਾਣ ਦਾ ਬਣਦੇ ਹੋਏ ਕਦਮ ਅੱਗੇ ਵਧਾਏ ਜਾ ਰਹੇ ਹਨ, ਜਿਸ ਦੇ ਸਦਕਾ ਜ਼ਿਲ੍ਹਾ ਬਰਨਾਲਾ ਦੇ ਹੈਲਥ ਵੈੱਲਨੈੱਸ ਸੈਂਟਰ ਕੋਟਦੁੱਨਾ ਨੇ ਰਾਸ਼ਟਰੀ ਪੱਧਰ ਦੀ ਗੁਣਵੱਤਾ ਜਾਂਚ ਨੂੰ ਪਾਸ ਕੀਤਾ ਹੈ।
ਇਸ ਮੌਕੇ ਡਾ. ਹਰੀਪਾਲ ਸਿੰਘ ਸਿੱਧੂ ਸਿਵਲ ਸਰਜਨ ਬਰਨਾਲਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿਹਤ ਵਿਭਾਗ ਬਰਨਾਲਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਿਹਤ ਵਿਭਾਗ ਤਨਦੇਹੀ ਨਾਲ ਸਿਹਤ ਸੇਵਾਵਾਂ ਖੇਤਰ ਵਿੱਚ ਆਪਣਾ ਕੰਮ ਕਰ ਰਿਹਾ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਪਹੁੰਚ ਰਿਹਾ ਹੈ। ਸਿਵਲ ਸਰਜਨ ਬਰਨਾਲਾ ਨੇ ਇਸ ਕੌਮੀ ਪੱਧਰ ਦਾ ਸਰਟੀਫਿਕੇਟ ਮਿਲਣ ਦੀ ਪ੍ਰਾਪਤੀ ਦਾ ਸਿਹਰਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ, ਡਾ. ਸਤਵੰਤ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਧਨੌਲਾ, ਡਾ ਰਿੰਮੀ ਮਾਇਕਰੋਬਾਇਲੋਜਿਸਟ, ਡਾ. ਸਵਦੀਪ ਚਹਿਲ ਜ਼ਿਲ੍ਹਾ ਨੋਡਲ ਅਫ਼ਸਰ, ਡਾ. ਦਿਨੇਸ਼ ਬਾਂਸਲ ਬਲਾਕ ਨੋਡਲ ਅਫ਼ਸਰ, ਜੋਤੀ ਮਿੱਤਲ ਸੀਐੱਚਓ, ਇੰਦਰਜੀਤ ਕੌਰ ਏਐੱਨਐੱਮ, ਗੁਰਦੀਪ ਸਿੰਘ ਸਿਹਤ ਵਰਕਰ, ਇੰਦਰਜੀਤ ਕੌਰ ਏਐੱਨਐੱਨ ਅਤੇ ਆਸ਼ਾ ਵਰਕਰਾਂ ਨੂੰ ਦਿੱਤਾ, ਜਿਨ੍ਹਾਂ ਨੇ ਆਪਣੀ ਡਿਊਟੀ ਬੇਹੱਦ ਤਨਦੇਹੀ ਨਾਲ ਨਿਭਾ ਰਹੇ ਹਨ।